ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਚੋਰਾਂ ਦਾ ਇੰਨ੍ਹਾਂ ਖੌਫ਼ ਵਧ ਗਿਆ ਹੈ ਕਿ ਹੁਣ ਹਸਪਤਾਲ ’ਚ ਕੰਬਲਾਂ, ਚਾਦਰਾਂ ਤੇ ਹੀਟਰਾਂ ਆਦਿ ਨੂੰ ਜਿੰਦਰੇ ਲਗਾ ਕੇ ਰੱਖਣੇ ਪੈ ਰਹੇ ਹਨ। ਜੀ ਹਾਂ, ਇਹ ਗੱਲ ਸੁਣਨ ਵਿਚ ਬੇਸ਼ੱਕ ਮਜ਼ਾਕ ਲੱਗੇ ਪ੍ਰੰਤੂ ਸਥਾਨਕ ਜੱਚਾ-ਬੱਚਾ ਕੇਂਦਰ ਅਤੇ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਨ ‘ਤੇ ਤੁਹਾਨੂੰ ਇਹ ਸੀਨ ਦੇਖਣ ਨੂੰ ਮਿਲੇਗਾ। ਇਸਦੇ ਪਿੱਛੇ ਹਸਪਤਾਲ ਦੇ ਡਾਕਟਰਾਂ ਦਾ ਤਰਕ ਹੈ ਕਿ ਮਰੀਜ਼ਾਂ ਦੀਆਂ ਸਹੂਲਤਾਂ ਲਈ ਰੱਖੇ ਇਸ ਸਮਾਨ ਦੇ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਕਾਰਨ ਅਜਿਹਾ ਕੀਤਾ ਗਿਆ ਹੈ। ਸੂਚਨਾ ਮੁਤਾਬਕ ਸਥਾਨਕ ਜੱਚਾ-ਬੱਚਾ ਕੇਂਦਰ ਵਿਚ ਪਿਛਲੇ ਕੁੱਝ ਸਮੇਂ ਤੋਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਹਾਲਾਂਕਿ ਇੰਨ੍ਹਾਂ ਪਿੱਛੇ ਜਿਆਦਾਤਰ ਘਟਨਾਵਾਂ ਨੂੰ ਨਸ਼ੇੜੀਆਂ ਦੁਆਰਾ ਹੀ ਅੰਜਾਮ ਦਿਤਾ ਗਿਆ ਹੈ ਪ੍ਰੰਤੂ ਇਸਦਾ ਨੁਕਸਾਨ ਇੱਥੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਨੂੰ ਹੁੰਦਾ ਹੈ, ਕਿਉਂਕਿ ਸਰਦੀ ਦੇ ਇਸ ਮੌਸਮ ਵਿਚ ਗਰਮ ਕੰਬਲ, ਗੀਜ਼ਰ, ਹੀਟਰਾਂ ਆਦਿ ਦੀ ਪਹਿਲਾਂ ਹੀ ਘਾਟ ਹੈ। ਜਿਸਦੇ ਚੱਲਦੇ ਹਸਪਤਾਲ ਪ੍ਰਬੰਧਕਾਂ ਨੇ ਇਸਦਾ ਹੱਲ ਕੱਢਦਿਆਂ ਹੁਣ ਵਾਰਡਾਂ ਵਿਚ ਪਏ ਸਮਾਨ ਨੂੰ ਜਿੰਦਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕੰਬਲਾਂ ਵਿਚ ਵੀ ਅਜਿਹਾ ਇੰਤਜਾਮ ਕੀਤਾ ਗਿਆ ਹੈ, ਜਿਸਨੂੰ ਦੇਖ ਕੇ ਇਕ ਵਾਰ ਤਾਂ ਵਿਅਕਤੀ ਹੱਸਦਾ ਹੈ ਪ੍ਰੰਤੂ ਜਦ ਸਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਹਸਪਤਾਲ ਦੇ ਪ੍ਰਬੰਧਕਾਂ ਦੀ ਇਸ ਯੋਜਨਾ ਨਾਲ ਸਹਿਮਤ ਹੁੰਦਾ ਜਾਪਦਾ ਹੈ। ਉਧਰ ਸਿਵਲ ਹਸਪਤਾਲ ਵਿਚ ਸਥਿਤ ਜੱਚਾ ਬੱਚਾ ਹਸਪਤਾਲ ਦੇ ਐਸ.ਐਮ.ਓ ਡਾ ਸਤੀਸ਼ ਜਿੰਦਲ ਨੇ ਵੀ ਆਮ ਸਮਾਨ ਨੂੰ ਜਿੰਦਰਾ ਲਗਾਉਣ ਦੇ ਪਿੱਛੇ ਚੋਰੀ ਦੀਆਂ ਘਟਨਾਵਾਂ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਹਰ ਤੀਜ਼ੇ ਦਿਨ ਕਾਫ਼ੀ ਸਮਾਨ ਗਾਇਬ ਹੋ ਜਾਂਦਾ ਸੀ, ਜਿਸਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ।
Share the post "ਬਠਿੰਡਾ ਦੇ ਸਿਵਲ ਹਸਪਤਾਲ ’ਚ ਕੰਬਲਾਂ, ਚਾਦਰਾਂ ਤੇ ਹੀਟਰਾਂ ਦੇ ਚੋਰੀ ਦਾ ਡਰ, ਲਗਾਏ ਜਿੰਦਰੇ"