ਸੁਖਜਿੰਦਰ ਮਾਨ
ਬਠਿੰਡਾ,5 ਜਨਵਰੀ: ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਬਠਿੰਡਾ ਜ਼ਿਲ੍ਹੇ ਦੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਕਾ ਨੇ ਕਿਹਾ ਕਿ ਸਿੱਖਿਆ ਢਾਂਚੇ ਵਿੱਚ ਸੁਧਾਰਾਂ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਸਗੋਂ ਉਹਨਾਂ ਉੱਤੇ ਨੌਕਰੀ ਲਈ ਬੀ.ਏ ਵਿਚੋ 55% ਪੰਜਾਬੀ ਵਿਸ਼ੇ ਦਾ ਪੇਪਰ, ਲੈਕਚਰਾਰਾ ਦੀ ਭਰਤੀ ਵਿੱਚੋਂ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਬਾਹਰ ਕੱਢਕੇ ਆਦਿ ਬੇਤੁਕੀਆਂ ਸ਼ਰਤਾਂ ਲਾਕੇ ਉਹਨਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਵੇਂ ਬੇਰੁਜ਼ਗਾਰਾਂ ਦੇ ਰੋਹ ਅੱਗੇ ਝੁਕਦਿਆਂ ਪਿਛਲੀ ਕਾਂਗਰਸ ਸਰਕਾਰ ਨੇ ਚੋਣ ਜ਼ਾਬਤੇ ਤੋਂ ਸਿਰਫ਼ ਅੱਧਾ ਘੰਟਾ ਪਹਿਲਾਂ ਮਾਸਟਰ ਕੇਡਰ ਦੀਆਂ 4161 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਉਹਨਾਂ ਵਿੱਚ ਪੰਜਾਬੀ, ਸਮਾਜਿਕ ਸਿੱਖਿਆ, ਹਿੰਦੀ ਆਦਿ ਵਿਸ਼ਿਆ ਦੀਆਂ ਕੁੱਲ 1405 ਪੋਸਟਾਂ ਸਨ। ਜਦ ਕਿ ਸਕੂਲਾਂ ਵਿੱਚ ਇਹਨਾਂ ਵਿਸ਼ਿਆਂ ਦੇ ਅਧਿਆਪਕਾਂ ਦੀ ਵੱਡੇ ਪੱਧਰ ’ਤੇ ਘਾਟ ਹੈ। ਉਨ੍ਹਾਂ ਮੰਗ ਕੀਤੀ ਕਿ ਨੌਕਰੀ ਲਈ ਬੀ.ਏ ਵਿੱਚੋਂ ਲਾਈ ਗਈ 55% ਦੀ ਸ਼ਰਤ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਜੇ ਤੱਕ ਵੀ ਬੀ.ਐੱਡ ਦਾ ਕੋਰਸ 45-50% ’ਤੇ ਹੋ ਰਿਹਾ ਹੈ ਤੇ ਅਧਿਆਪਕਾਂ ਦੀ ਭਰਤੀ ਵੀ ਮਾਸਟਰ ਕੇਡਰ ਦੇ ਪੇਪਰ ਦੀ ਮੈਰਿਟ ਤੇ ਹੁੰਦੀ ਹੈ ਇਸ ਲਈ ਬੀ.ਏ ਦੀ ਪਰਸੈਂਟ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਲੈਕਚਰਾਰਾ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕਰਨ ਦੀ ਮੰਗ ਵੀ ਕੀਤੀ ਗਈ, ਕਿਉਂਕਿ ਜ਼ਿਆਦਾਤਰ ਬੀ.ਐੱਡ ਦੇ ਕੋਰਸ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨਾਲ ਕੰਮਬੀਨੇਸ਼ਨ ਬਣਿਆ ਹੋਇਆ ਹੈ ਤੇ ਸਮਾਜਿਕ ਸਿੱਖਿਆ ਦਾ ਵਿਸ਼ਾ ਬਹੁਤ ਸਾਰੇ ਵਿਸ਼ਿਆਂ ਦੀ ਪੂਰਤੀ ਕਰਦਾ ਹੈ। ਇਸੇ ਤਰ੍ਹਾਂ ਨੌਕਰੀ ਲਈ ਪੰਜਾਬੀ ਵਿਸ਼ੇ ਦਾ ਜ਼ੋ ਪੇਪਰ ਲਾਜ਼ਮੀ ਕੀਤਾ ਗਿਆ ਹੈ ਉਹ ਸਿਰਫ਼ ਦੂਜੇ ਰਾਜਾਂ ਦੇ ਉਮੀਦਵਾਰਾਂ ਤੋਂ ਲਿਆ ਜਾਵੇ ਕਿਉਂਕਿ ਪੰਜਾਬ ਦੇ ਵਸਨੀਕ ਬੀ.ਏ ਤੱਕ ਪੰਜਾਬੀ ਵਿਸ਼ਾ ਪਹਿਲਾਂ ਹੀ ਪੜ੍ਹ ਚੁੱਕੇ ਹਨ। ਯੂਨੀਅਨ ਆਗੂ ਨੇ ਕਿਹਾ ਕਿ ਇਹਨਾਂ ਮੰਗਾਂ ਸੰਬੰਧੀ ਉਹਨਾਂ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 30 ਦਿਸੰਬਰ ਨੂੰ ਹੋਈ ਸੀ ਪਰ ਉਹਨਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਤਰੀ ਤੋਂ ਕੋਈ ਠੋਸ ਭਰੋਸਾ ਨਹੀ ਮਿਲਿਆ। ਇਸ ਕਰਕੇ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ 14 ਜਨਵਰੀ ਨੂੰ ਗੰਭੀਰਪੁਰ ਵਿਖੇ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰੇਗੀ। ਇਸ ਮੌਕੇ ਸੂਬਾ ਖ਼ਜ਼ਾਨਚੀ ਹਰਵਿੰਦਰ ਸਿੰਘ ਬਠਿੰਡਾ, ਅਮਨਦੀਪ ਸਿੰਘ ਚਨਾਰਥਲ ਖ਼ਾਨਾ, ਅੰਗਰੇਜ਼ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ,ਅਮਨ ਗੱਗੜ, ਮੱਖਣ ਬਾਜਕ, ਜਸਬੀਰ ਕਲਿਆਣ, ਬੱਬਲਜੀਤ ਕੌਰ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ ਗੁਰਥੜੀ, ਸਤਿਨਾਮ ਸਿੰਘ, ਕੁਲਵੰਤ ਕੌਰ, ਸਤਵੀਰ ਕੌਰ , ਜਗਸੀਰ ਭੁੱਚੋ, ਮਨਦੀਪ ਕੌਰ, ਬਲਵੀਰ ਸਿੰਘ ਆਦਿ ਹਾਜ਼ਰ ਸਨ।
ਬੇਰੁਜ਼ਗਾਰ ਅਧਿਆਪਕ ਕਰਨਗੇ 14 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
8 Views