ਸੁਖਜਿੰਦਰ ਮਾਨ
ਬਠਿੰਡਾ, 5 ਜਨਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਾਰੇ ਟੋਲ ਪਲਾਜ਼ਿਆਂ ਬੱਲੂਆਣਾ, ਜੀਦਾ ,ਲਹਿਰਾ ਬੇਗਾ ਅਤੇ ਸੇਖਪੁਰਾ ’ਤੇ ਧਰਨੇ ਲਗਾਉਂਦਿਆਂ ਕਿਸਾਨਾਂ ਨੇ 12 ਵਜੇ ਤੋਂ 3 ਵਜੇ ਤੱਕ ਇੰਨ੍ਹਾਂ ਨੂੰ ਟੋਲ ਫ਼ਰੀ ਕੀਤਾ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਜਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ ,ਜਗਦੇਵ ਸਿੰਘ ਜੋਗੇਵਾਲਾ, ਬਸੰਤ ਸਿੰਘ ਕੋਠਾ ਗੁਰੂ ,ਜਗਸੀਰ ਸਿੰਘ ਝੁੰਬਾ, ਔਰਤ ਜਥੇਬੰਦੀ ਦੇ ਆਗੂ ਕਰਮਜੀਤ ਲਹਿਰਾ ਖਾਨਾ ਨੇ ਦੋਸ਼ ਲਗਾਇਆ ਕਿ ਦੇਸੀ ਵਿਦੇਸੀ ਵੱਡੀਆਂ ਸਰਮਾਏਦਾਰ ਕੰਪਨੀਆਂ ਵੱਲੋਂ ਹਰ ਖੇਤਰ ਵਿੱਚ ਲੋਕਾਂ ਦੀ ਲੁੱਟ ਤੇਜ ਕੀਤੀ ਜਾ ਰਹੀ ਹੈ। ਸਰਕਾਰਾਂ ਦੀ ਸ਼ਹਿ ’ਤੇ ਸੜਕਾਂ ’ਤੇ ਲੁੱਟ ਕਰਨ ਲਈ ਕੰਪਨੀਆਂ ਵੱਲੋਂ ਕਈ ਸਾਲਾਂ ਤੋਂ ਵੱਡੀਆਂ ਸੜਕਾਂ ਉੱਤੇ ਟੌਲ ਪਲਾਜ਼ੇ ਲਾਕੇ ਟੋਲ ਵਸੂਲੇ ਜਾ ਰਹੇ ਹਨ ਇਸ ਲੁੱਟ ਨੂੰ ਹੋਰ ਤੇਜ ਕਰਨ ਲਈ ਟੋਲ ਫੀਸ ਦੇ ਵਾਧੇ ਦੇ ਨਾਲ-ਨਾਲ ਛੋਟੀਆਂ ਵੱਡੀਆਂ ਸੜਕਾਂ ਤੇ ਟੋਲ ਪਲਾਜ਼ੇ ਲਾਏ ਜਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਹਰੇਕ ਵਿਅਕਤੀ ਤੋਂ ਵਹੀਕਲ ਖਰੀਦਣ ਸਮੇਂ ਰੋਡ ਟੈਕਸ ਕੱਟਿਆ ਜਾਂਦਾ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਤਰਾਂ ਦੇ ਟੈਕਸ ਲਏ ਜਾ ਰਹੇ ਹਨ। ਕੰਪਨੀਆਂ ਵੱਲੋਂ ਟੌਲ ਟੈਕਸ ਲੈਣ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਸੜਕਾਂ ਚ ਵੱਡੇ ਵੱਡੇ ਟੋਏ ਪਏ ਹੋਏ ਹਨ। ਅਣਸੁਰੱਖਿਅਤ ਸੜਕਾਂ ਕਾਰਨ ਰੋਜ਼ਾਨਾ ਹੀ ਐਕਸੀਡੈਂਟਾਂ ਕਾਰਨ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੇ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਜਾਣ। ਇਸ ਤੋਂ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ 9 ਜ਼ਿਲ੍ਹਿਆਂ ਦੇ ਟੋਲ ਪਲਾਜਾ ਫਰੀ ਕੀਤੇ ਹੋਏ ਹਨ । ਇਸਤੋਂ ਇਲਾਵਾ ਸਾਰੇ ਧਰਨਿਆਂ ਤੇ ਕਿਸਾਨ ਆਗੂਆਂ ਨੇ ਅੱਜ ਤਲਵੰਡੀ ਸਾਬੋ ਪਿੰਡ ਕੌਰਿਆਣਾ ਦੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਪੁਲਿਸ ਦੇ ਜੋਰ ਗੈਸ ਪਾਇਪ ਲਾਇਨ ਪਾਉਣ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇੰਨ੍ਹਾਂ ਧਰਨਿਆਂ ਨੂੰ ਰਾਜਵਿੰਦਰ ਸਿੰਘ ਰਾਮਨਗਰ, ਬਿੰਦਰ ਸਿੰਘ ਜੋਗੇਵਾਲਾ, ਕਾਲਾ ਸਿੰਘ ਚੱਠੇਵਾਲਾ, ਹੁਸ਼ਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ ,ਜਸਪਾਲ ਸਿੰਘ ਕੋਠਾ ਗੁਰੂ , ਅਮਰੀਕ ਸਿੰਘ ,ਗੁਰਪਾਲ ਸਿੰਘ ਦਿਉਣ, ਕੁਲਵੰਤ ਸ਼ਰਮਾ ਰਾਇਕੇ ਕਲਾਂ , ਅਜੈ ਪਾਲ ਘੁੱਦਾ ਅਤੇ ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ।
Share the post "ਬਠਿੰਡਾ ’ਚ ਪੈਂਦੇ 4 ਟੋਲ ਪਲਾਜ਼ਿਆਂ ’ਤੇ ਕਿਸਾਨਾਂ ਦਿੱਤਾ ਧਰਨਾ, ਕੀਤਾ ਟੋਲ ਫ਼ਰੀ"