ਮਾਲਵਾ ਹੈਰੀਟੇਜ਼ ਫ਼ਾਊਡੇਸ਼ਨ ਵਲੋਂ ਲੋਹੜੀ ਦੇ ਤਿਊਹਾਰ ’ਚ ਹਰਸਿਮਰਤ ਕੌਰ ਬਾਦਲ ਨੇ ਪਾਇਆ ਗਿੱਧਾ
ਸੁਖਜਿੰਦਰ ਮਾਨ
ਬਠਿੰਡਾ, 8 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅੱਜ ਮਲੋਟ ’ਚ ਇੱਕ ਜਨਤਕ ਸਮਾਗਮ ਦੌਰਾਨ ਭਵਿੱਖ ਵਿਚ ਅਕਾਲੀ ਦਲ ਨਾਲ ਕੋਈ ਸਮਝੋਤਾ ਨਾ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ‘‘ ਅਕਾਲੀ ਦਲ ਨੂੰ ਵੀ ਸਮਝੋਤੇ ਦੀ ਕੋਈ ਲੋੜ ਨਹੀਂ ਤੇ ਨਾ ਹੀ ਉਹ ਸਮਝੋਤੇ ਦੇ ਲਈ ਭਾਜਪਾ ਦੇ ਪਿੱਛੇ-ਪਿੱਛੇ ਭੱਜ ਰਹੇ ਹਨ। ਅੱਜ ਬਠਿੰਡਾ ਸ਼ਹਿਰ ’ਚ ਬਣੇ ਵਿਰਾਸਤੀ ਪਿੰਡ ਵਿਚ ਮਾਲਵਾ ਹੈਰੀਟੇਜ਼ ਫ਼ਾਊੇਡੇਸ਼ਨ ਵਲੋਂ ਮਨਾਏ ਲੋਹੜੀ ਦੇ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਬਾਦਲ ਨੇ ਇਸ ਮੌਕੇ ਫ਼ੌਜਾ ਸਿੰਘ ਸਰਾਰੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਕਤ ਮੰਤਰੀ ਦੀ ਆਡੀਓ ਤਿੰਨ ਮਹੀਨੇ ਪਹਿਲਾਂ ਵਾਈਰਲ ਹੋ ਗਈ ਸੀ, ਪਰ ਇਮਾਨਦਾਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਉਸਨੂੰ ਪਾਰਟੀ ਵਿਚੋਂ ਕੱਢਿਆ ਤੇ ਹੁਣ ਅਸਤੀਫ਼ਾ ਲੈ ਕੇ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਾਰੀ ਨੂੰ ਹਟਾਉਣ ਨਾਲ ਭ੍ਰਿਸ਼ਟਾਚਾਰ ਘਟਣ ਨਹੀਂ ਲੱਗਿਆ ਕਿਉਂਕਿ 9 ਮਹੀਨਿਆਂ ਵਿਚ ਹੀ ਇਸਦੇ ਦੋ ਮੰਤਰੀ ਫ਼ਸ ਗਏ ਹਨ। ਆਉਣ ਵਾਲੇ ਦਿਨਾਂ ‘ਚ ਕਾਂਗਰਮ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੰਜਾਬ ਵਿਚ ਦਾਖ਼ਲ ਹੋ ਰਹੀ ਭਾਰਤ ਜੋੜੋ ਯਾਤਰਾ ’ਤੇ ਟਿੱਪਣੀਆਂ ਕਰਦਿਆਂ ਬੀਬਾ ਬਾਦਲ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਦੀ ਦਾਦੀ ਜੀ ਨੇ ਪੰਜਾਬ ਨਾਲ ਹਮੇਸ਼ਾ ਧੱਕੇਸ਼ਾਹੀ ਕੀਤੀਆਂ ਸਨ ਤੇ ਹੁਣ ਉਸਨੂੰ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਹਮਲੇ ਅਤੇ ਪੰਜਾਬ ਤੋਂ ਪਾਣੀਆਂ ਨੂੰ ਖੋਹਣ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਲੋਕ ਸਭਾ ਮੈਂਬਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਨਹਿਰ ਦੀ ਜਮੀਨ ਵੀ ਕਿਸਾਨਾਂ ਨੂੰ ਵਾਪਸ ਕਰਕੇ ਮੁੱਦਾ ਹੀ ਠੱਪ ਕਰ ਦਿੱਤਾ ਸੀ ਪ੍ਰੰਤੂ ਹੁਣ ਭਗਵੰਤ ਮਾਨ ਖੱਟੜ ਤੇ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਕੇ ਪੰਜਾਬ ਦਾ ਪੱਖ ਕਮਜੌਰ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਕਿਉਂਕਿ ਇੱਥੋਂ ਦਾ ਉਦਯੋਗ ਤਬਾਹ ਹੋ ਕੇ ਦੂਜੇ ਰਾਜਾਂ ਨੂੰ ਜਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਰਾਜਸਥਾਨ ’ਚ ਛੁੱਟੀਆਂ ਮਨਾਉਣ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਪੰਜਾਬੀਆਂ ਨੂੰ ਲੋਹੜੀ ਦੀਆਂ ਸੁਭਾਕਾਮਨਾਵਾਂ ਦਿੰਦਿਆਂ ਪੁੱਤਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਧੀਆਂ ਬਿਨ੍ਹਾਂ ਪ੍ਰਵਾਰ ਅਧੂਰਾ ਹੈ ਤੇ ਧੀਆਂ ਨੂੰ ਜਿੰਨਾਂ ਸਤਿਕਾਰ ਦੇਵਾਂਗੇ, ਉਨ੍ਹਾਂ ਹੀ ਸਮਾਜ ਤਰੱਕੀ ਕਰੇਗਾਂ। ਇਸ ਮੌਕੇ ਉਨ੍ਹਾਂ ਔਰਤਾਂ ਨਾਲ ਮਿਲਕੇ ਗਿੱਧਾ ਵੀ ਪਾਇਆ ਤੇ ਫ਼ਾਊਡੇਸ਼ਨ ਨੂੰ ਪੰਜ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਆਗੂ ਬਲਕਾਰ ਸਿੰਘ ਬਰਾੜ, ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਿਤ ਗੁਪਤਾ, ਚਮਕੌਰ ਸਿੰਘ ਮਾਨ, ਹਰਵਿੰਦਰ ਸਿੰਘ ਖ਼ਾਲਸਾ, ਹਰਪਾਲ ਸਿੰਘ ਢਿੱਲੋਂ ਆਦਿ ਵੀ ਮੌਜੂਦ ਰਹੇ।
Share the post "ਅਕਾਲੀ ਦਲ ਗਠਜੋੜ ਲਈ ਭਾਜਪਾ ਦੇ ਪਿੱਛੇ-ਪਿੱਛੇ ਨਹੀਂ ਭੱਜ ਰਿਹਾ: ਹਰਸਿਮਰਤ ਕੌਰ ਬਾਦਲ"