ਮੁੱਖ ਮੰਤਰੀ ਦੀ ਕਿਰਤੀ ਦੋਖੀ-ਦਲਿਤ ਵਿਰੋਧੀ ਪਹੁੰਚ ਖਿਲਾਫ਼ ਮਾਰਚ ਮਹੀਨੇ ਲੱਗੇਗਾ ਪੱਕਾ ਮੋਰਚਾ
ਸਰਕਾਰ ਦੀ ਮੁਜ਼ਰਮਾਨਾ ਅਣਦੇਖੀ ਤੋਂ ਅੱਕੇ ਪੇਂਡੂ ਮਜ਼ਦੂਰ ਪਿੰਡੋ-ਪਿੰਡ ਛੇੜਣਗੇ ਪਰਦਾਫਾਸ਼ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ,10 ਜਨਵਰੀ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ’ ਵਲੋਂ ਆਗਾਮੀ 9 ਫਰਵਰੀ ਨੂੰ ‘‘ਮੁੱਖ ਮੰਤਰੀ ਹਾਜ਼ਰ ਹੋ’’ ਮੁਹਿੰਮ ਤਹਿਤ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਵਲ ਵਿਸ਼ਾਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਤੋਂ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ ਅਤੇ ਕਿਰਤੀ ਮੰਗਾਂ ਦਾ ਸਨਮਾਨ ਜਨਕ ਨਿਪਟਾਰਾ ਕਰਨ ਦੀ ਮੰਗ ਕਰੇਗਾ। ਉਕਤ ਜਾਣਕਾਰੀ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਪ੍ਰਿਤਪਾਲ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੋਰਚੇ ’ਚ ਸ਼ਾਮਲ ਬਠਿੰਡਾ ਜਿਲ੍ਹੇ ਦੀਆਂ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਦਿੱਤੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਦੀ ਕਿਰਤੀ ਦੋਖੀ ਪਹੁੰਚ ਖਿਲਾਫ਼ 15 ਤੋਂ 31 ਜਨਵਰੀ ਤੱਕ ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ, ਮੁਜ਼ਾਹਰੇ, ਮਸ਼ਾਲ ਮਾਰਚ, ਝੰਡਾ ਮਾਰਚ ਆਦਿ ਕਰਕੇ ਜ਼ੋਰਦਾਰ ਪਰਦਾਫਾਸ਼ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਵੱਲੋਂ ਇਹ ਵੀ ਨਿਰਣਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਦਾ ਮਜ਼ਦੂਰ ਮੰਗਾਂ ਪ੍ਰਤੀ ਮੁੱਖ ਮੰਤਰੀ ਦਾ ਨਾਂਹ ਪੱਖੀ ਰਵੱਈਆ ਜੇ ਕਰ ਇਉਂ ਹੀ ਜਾਰੀ ਰਿਹਾ ਤਾਂ ਮਾਰਚ ਮਹੀਨੇ ’ਚ ਪੰਜਾਬ ਸਰਕਾਰ ਵਿਰੁੱਧ ਲਾਏ ਜਾਣ ਵਾਲੇ ਪੱਕੇ ਮੋਰਚੇ ’ਚ ਜਿਲ੍ਹੇ ਚੋਂ ਹਜ਼ਾਰਾਂ ਮਜ਼ਦੂਰ ਪਰਿਵਾਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਮੀਟਿੰਗ ਵੱਲੋਂ ਇਹ ਗੱਲ ਡਾਢੇ ਰੋਸ ਨਾਲ ਨੋਟ ਕੀਤੀ ਗਈ ਕਿ ਸਾਂਝੇ ਮਜ਼ਦੂਰ ਮੋਰਚੇ ਦੇ ਸੰਘਰਸ਼ ਦੇ ਦਬਾਅ ਅਧੀਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੇ ਯੋਗ ਹੱਲ ਲਈ ਰੱਖੀਆਂ ਗਈਆਂ ਮੀਟਿੰਗਾਂ ਚ ਸ਼ਾਮਲ ਹੋਣ ਤੋਂ ਮੁੱਖ ਮੰਤਰੀ ਵਾਰ-ਵਾਰ ਟਾਲਾ ਵੱਟ ਰਹੇ ਹਨ। ਮੀਟਿੰਗ ਵੱਲੋਂ ਪਾਣੀ ਨੂੰ ਪਲੀਤ ਕਰਨ ਵਾਲੀ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਚੱਲ ਰਹੇ ਸਰਬ ਸਾਂਝੇ ਲੋਕ ਘੋਲ, ਲਤੀਫਪੁਰਾ ( ਜਲੰਧਰ) ਦੇ ਉਜਾੜ ਦਿੱਤੇ ਗਏ ਪਰਿਵਾਰਾਂ ਦੇ ਮੁੜ ਵਸੇਬੇ ਲਈ ਚੱਲ ਰਹੇ ਸੰਘਰਸ਼ ਅਤੇ ਹੋਰ ਸੰਘਰਸ਼ਸ਼ੀਲ ਵਰਗਾਂ ਦੇ ਨਿਆਂਸੰਗਤ ਘੋਲਾਂ ਦਾ ਡਟਵਾਂ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਨੂੰ ਮਜ਼ਦੂਰ ਆਗੂਆਂ ਜ਼ੋਰਾ ਸਿੰਘ ਨਸਰਾਲੀ (ਪੰਜਾਬ ਖੇਤ ਮਜ਼ਦੂਰ ਯੂਨੀਅਨ) ਪ੍ਰਕਾਸ਼ ਸਿੰਘ ਨੰਦਗੜ੍ਹ (ਦਿਹਾਤੀ ਮਜ਼ਦੂਰ ਸਭਾ), ਹਰਵਿੰਦਰ ਸਿੰਘ ਸੇਮਾ (ਮਜ਼ਦੂਰ ਮੁਕਤੀ ਮੋਰਚਾ ਪੰਜਾਬ) ਕੁਲਵੰਤ ਸਿੰਘ ਸੇਲਬਰਾ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਸੁਖਪਾਲ ਸਿੰਘ ਖਿਆਲੀ ਵਾਲਾ (ਪੇਂਡੂ ਮਜ਼ਦੂਰ ਯੂਨੀਅਨ ਪੰਜਾਬ), ਅਮੀ ਲਾਲ (ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ), ਸੁਰਜੀਤ ਸਿੰਘ ਸਰਦਾਰਗੜ੍ਹ (ਪੰਜਾਬ ਖੇਤ ਮਜ਼ਦੂਰ ਸਭਾ) ਨੇ ਸੰਬੋਧਨ ਕੀਤਾ।
Share the post "‘ਸਾਂਝਾ ਮਜ਼ਦੂਰ ਮੋਰਚਾ’ 9 ਫਰਵਰੀ ਨੂੰ ਕਰੇਗਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਦੇ ਘਰ ਵੱਲ ਰੋਸ ਮਾਰਚ"