12 Views
ਮਿਸ਼ਨ 100 ਪ੍ਰਤੀਸ਼ਤ ਪਾਸ’ ਗੈਰ-ਮਨੋਵਿਗਿਆਨਕ: ਰੇਸ਼ਮ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ ,12 ਜਨਵਰੀ : ਬੀਤੇ ਦਿਨੀਂ ਐੱਸ.ਸੀ.ਈ.
ਆਰ.ਟੀ. ਪੰਜਾਬ ਵੱਲੋਂ ਇੱਕ ਪੱਤਰ ਜਾਰੀ ਕਰਕੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਮਿਸ਼ਨ-100 ਪ੍ਰਤੀਸ਼ਤ ਪਾਸ’ ਦੇ ਮੱਦੇਨਜ਼ਰ ਮਿਤੀ 9 ਜਨਵਰੀ ਤੋਂ 19 ਜਨਵਰੀ ਤੱਕ ਆਨਲਾਈਨ ਟੈਸਟ ਲੈਣ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਬਠਿੰਡਾ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ 9 ਜਨਵਰੀ ਤੋਂ 8ਵੀਂ ਅਤੇ ਇਸ ਤੋਂ ਉੱਪਰਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਦੇ ਬਾਵਜੂਦ ਵੀ ਇਸ ਦੇ ਸਮਾਨਾਂਤਰ ਆਨਲਾਈਨ ਟੈਸਟ ਲੈਣਾ ਨਾ ਸਿਰਫ ਤਰਕਹੀਣ, ਬੇਤੁਕਾ ਤੇ ਬੇਲੋੜਾ ਹੈ ਸਗੋਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਉਲਝਾਉਣ ਵਾਲਾ ਵੀ ਹੈ। ਇਹਨਾਂ ਟੈਸਟਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਰੱਖਿਆ ਗਿਆ ਹੈ ਤੇ ਵਿਦਿਆਰਥੀਆਂ ਨੂੰ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਸਕੂਲ ਵਿੱਚ ਜਾਂ ਘਰ ਜਾ ਕੇ ਇਸ ਸਮੇਂ ਦੌਰਾਨ ਟੈਸਟ ਦੇ ਸਕਦੇ ਹਨ। ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਵਿੱਤ ਸਕੱਤਰ ਅਨਿਕ ਭੱਟ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਕਿਹਾ ਕਿ ਜਦੋਂ ਹੁਣ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ ਤਾਂ ਆਨਲਾਈਨ ਟੈਸਟਾਂ ਦੀ ਲੋੜ ਨਹੀਂ ਹੈ। ਅਧਿਆਪਕਾਂ ਨੂੰ ਪ੍ਰੀਖਿਆਵਾਂ ਦੇ ਮੱਦੇਨਜ਼ਰ ਆਪਣੀ ਯੋਜਨਾਬੰਦੀ ਨਾਲ ਸਿਲੇਬਸ ਪੜ੍ਹਾਉਣ ਤੇ ਜਮਾਤ ਟੈਸਟ ਲੈਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਇਹ ਆਨਲਾਈਨ ਟੈਸਟ ਵਿਦਿਆਰਥੀਆਂ ਵਿੱਚ ਨਕਲ ਦੇ ਰੁਝਾਨ ਨੂੰ ਵੀ ਉਤਸ਼ਾਹਿਤ ਕਰਦੇ ਹਨ ਕਿਉਂਕਿ ਆਨਲਾਈਨ ਟੈਸਟ ਉੱਤੇ ਅਧਿਆਪਕ ਦੀ ਕੋਈ ਨਿਗਰਾਨੀ ਨਹੀਂ ਹੁੰਦੀ। ਜਿਲ੍ਹਾ ਜੱਥੇਬੰਦਕ ਸਕੱਤਰ ਕੁਲਵਿੰਦਰ ਵਿਰਕ ਅਤੇ ਜਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਇਸ ਤਰ੍ਹਾਂ ਇਹ ਟੈਸਟ ਵਿਦਿਆਰਥੀਆਂ ਵਿੱਚ ਨਕਲ ਦੀ ਗਲਤ ਆਦਤ ਪੈਦਾ ਕਰਦੇ ਹਨ। ਇਸ ਲਈ ਸਰਕਾਰ ਨੂੰ ਇਹਨਾਂ ਟੈਸਟਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ ਸਗੋਂ ਸਕੂਲ-ਸਿੱਖਿਆ ਦੀ ਬੇਹਤਰੀ ਲਈ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ‘ਮਿਸ਼ਨ 100 ਪ੍ਰਤੀਸ਼ਤ’ ਵੀ ਗੈਰ-ਵਿਗਿਆਨਕ ਹੈ ਕਿਉਂਕਿ ਹਰੇਕ ਜਮਾਤ ਵਿੱਚ ਕੁੱਝ ਵਿਦਿਆਰਥੀ ਅਜਿਹੇ ਹੁੰਦੇ ਹੀ ਹਨ ਜਿਹਨਾਂ ਦਾ ਸਿੱਖਣ ਪੱਧਰ ਔਸਤ ਨਾਲੋਂ ਕਾਫ਼ੀ ਨੀਚੇ ਹੁੰਦਾ ਹੈ। ਇਸ ਤਰ੍ਹਾਂ ਦੇ ਵਿਦਿਆਰਥੀਆਂ ‘ਤੇ ਜਾਂ ਅਧਿਆਪਕਾਂ ‘ਤੇ 100 ਪ੍ਰਤੀਸ਼ਤ ਨਤੀਜੇ ਦਾ ਦਬਾਅ ਬਣਾਉਣਾ ਗੈਰ-ਮਨੋਵਿਗਿਆਨਕ ਹੈ। ਇਹ ਜ਼ਰੂਰ ਸਹੀ ਹੈ ਕਿ ਹਰੇਕ ਅਧਿਆਪਕ ਅਤੇ ਵਿਦਿਆਰਥੀ ਦੇ ਯਤਨ 100 ਪ੍ਰਤੀਸ਼ਤ ਹੋਣੇ ਚਾਹੀਦੇ ਹਨ। 100 ਪ੍ਰਤੀਸ਼ਤ ਪਾਸ ਨਤੀਜਿਆਂ ਦਾ ਦਬਾਅ ਸਿੱਖਿਆ ਵਿੱਚ ਨਕਲ ਤੇ ਨੁਕਸਦਾਰ ਪੇਪਰ ਚੈਕਿੰਗ ਜਿਹੇ ਗਲਤ ਰੁਝਾਨਾਂ ਨੂੰ ਜਨਮ ਦਿੰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਸਭ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਸਿੱਖਿਆ ਅਤੇ ਮਿਸ਼ਨ 100 ਪ੍ਰਤੀਸ਼ਤ ਬਾਰੇ ਮੁੜ ਤੋਂ ਗੌਰ ਕਰਨੀ ਚਾਹੀਦੀ ਹੈ।