ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਜਨਵਰੀ : ਸਾਬਕਾ ਐਮ ਪੀ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਲਿਖੀ ਚਿੱਠੀ ਰਾਹੀਂ ਪੰਜਾਬ ਵਿੱਚ ਆਈ ਪ੍ਰਸ਼ਾਸਕੀ ਸ਼ਿਥਲਤਾ ਵਿੱਚ ਦਖਲ ਦੇ ਕੇ ਅਧਰੰਗ ਤੋਂ ਬਚਾਉਣ ਦੀ ਬੇਨਤੀ ਕੀਤੀ ਹੈ।ਸ਼੍ਰੀ ਜਾਖੜ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਸਰਕਾਰ ਸਮੂਚੇ ਪ੍ਰਸ਼ਾਸਕੀ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ। ਇਸ ਵੱਲ ਆਪ ਜੀ ਦਾ ਧਿਆਨ ਦਿਵਾਉਣਾ ਸਮੇਂ ਦੀ ਲੋੜ ਸਮਝਦਾ ਹਾਂ ਕਿ ਇਮਾਨਦਾਰ ਹੋਣ ਦੀ ਧਾਰਨਾ ਰਾਹੀਂ ਆਪਣੀਆਂ ਨਾਕਾਮਯਾਬੀ ਤੇ ਪਰਦਾ ਪਾਉਣ ਜਾਂ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਸਰਪ੍ਰਸਤੀ ਦੇਣ ਦਾ ਇਹ ਮਾਮਲਾ ਬੇਸ਼ਕ ਨਹੀਂ ਹੈ ਲੇਕਿਨ ਇਕੋ ਹੀ ਬ੍ਰਸ਼ ਨਾਲ ਹਰ ਅਧਿਕਾਰੀ ਨੂੰ ਕਲੰਕਤ ਕਰਨ ਦੀ ਅਤੀ ਉਤਸਾਹਤ ਮੁਹਿੰਮ ਦਫਤਰਾਂ ਵਿੱਚ ਅਧਰੰਗ ਦੀ ਚਿੰਤਾਜਨਕ ਭਾਵਨਾ ਨੂੰ ਤੇਜੀ ਨਾਲ ਵਧਾ ਰਹੀ ਹੈ। ਆਪਣੀਆਂ ਸਮੱਸਿਆਵਾਂ ਦਾ ਹੱਲ ਲਭਣ ਲਈ ਲੋਕ ਇਕ ਦਫਤਰ ਤੋਂ ਦੂਜੇ ਦਫਤਰ ਭਟਕ ਰਹੇ ਹਨ। ਮੌਜੂਦਾ ਸਥਿਤੀ ਸਮੂਚੇ ਕੰਮ ਕਾਜ ਨੂੰ ਪ੍ਰਭਾਵਿਤ ਕਰਦੀ ਹੈ। ਸਾਬਕਾ ਐਮ ਪੀ ਨੇ ਅੱਗੇ ਲਿਖਿਆ ਕਿ ਮਾਣਯੋਗ ਰਾਜਪਾਲ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਆਈਏਐਸ ਅਤੇ ਪੀਸੀਐਸ ਕੈਡਰ ਦੇ ਅਧਿਕਾਰੀਆਂ ਦਾ ਆਪਣੀ ਹੀ ਪ੍ਰਦੇਸ਼ ਸਰਕਾਰ ਵਿਰੁੱਧ ਆਲੋਚਨਾ ਦੇ ਤੀਰ ਛੱਡਣਾ ਸਾਧਾਰਨ ਘਟਨਾ ਨਹੀਂ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਪ੍ਰਸ਼ਾਸਨ ਨੂੰ ਸਹੀ ਪਟਰੀ ਤੇ ਚਲਾਉਣਾ ਦੋਵਾਂ ਪੱਖਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਸਰਕਾਰ ਚਲਾ ਰਹੀ ਪਾਰਟੀ ਮੁੱਢਲੀ ਲੋਕਤੰਤਰੀ ਸੁਰੱਖਿਆ ਲਈ ਜ਼ਿੰਮੇਵਾਰ ਵੀ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਪੈਮਾਨੇ ਤੇ ਮਾਈਨਿੰਗ ਵਿਰੁੱਧ ਜਾਣਬੁੱਝ ਕੇ ਲਾਪ੍ਰਵਾਹੀ ਵਾਲਾ ਰਵਈਆ ਅਖਤਿਆਰ ਕੀਤੇ ਜਾਣ ਵਿੱਚ ਰਾਜਪਾਲ ਨੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਦਖਲ ਦਿੱਤਾ, ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਸ਼੍ਰੀ ਜਾਖੜ ਨੇ ਲਿਖਿਆ ਹੈ ਕਿ ਰਾਜ ਸਰਕਾਰ ਨੇ ਆਪਣੇ ਅਫਸਰਾਂ ਪ੍ਰਤੀ ਅਖੜ੍ਹਤਾ ਅਤੇ ਨਾਸਮਝੀ ਵਾਲਾ ਰਵਈਆ ਅਖਤਿਆਰ ਕਰਕੇ ਲੋਕਤੰਤਰ ਦੇ ਇਨ੍ਹਾਂ ਥੰਮਾਂ ਨੂੰ ਕਮਜ਼ੋਰ ਕਰਨ ਵਿੱਚ ਸੰਕੋਚ ਨਹੀਂ ਕੀਤਾ, ਇਹ ਮੰਦਭਾਗੀ ਘਟਨਾ ਹੈ। ਸਾਡਾ ਸੰਵਿਧਾਨ ਲੋਕ ਸੇਵਾ ਲਈ ਕਦਰਾਂ ਕੀਮਤਾਂ ਵਿੱਚ ਕਿਸੇ ਤਰ੍ਹਾਂ ਦੀ ਤਰੇੜ ਪਾਉਣ ਦੀ ਇਜਾਜਤ ਨਹੀਂ ਦਿੰਦਾ ਇਸਲਈ ਕਿਸੇ ਵੀ ਰਾਜ ਸਰਕਾਰ ਨੂੰ ਲੋਕ ਪੱਖ ਦੀ ਕੀਮਤ ਤੇ ਅਪਣਾ ਏਜੰਡਾ ਭਾਰੀ ਪਾਉਣ ਦੀ ਇਜਾਜਤ ਨਹੀਂ ਦੇਣੀ ਚਾਹੀਦੀ। ਇਸ ਲਈ ਮੈਂ ਆਪ ਜੀ ਨੂੰ ਇਨਾਂ ਕਦਰਾਂ ਕੀਮਤਾਂ ਦੇ ਰਾਖੇ ਹੋਣ ਵੱਜੋਂ ਇਸ ਸਰਕਾਰ ਨੂੰ ਸਹੀ ਰਸਤੇ ਤੇ ਚਲਣ ਲਈ ਮਜਬੂਰ ਕਰਨ ਦੀ ਬੇਨਤੀ ਕਰਦਾ ਹਾਂ। ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿੱਧੀਆਂ ਦੀ ਨਾਸਮਝੀ ਅਤੇ ਸਮਰੱਥਾ ਦੀ ਕਮੀ ਕਾਰਨ ਲੋਕਾਂ ਦਾ ਵਿਸ਼ਵਾਸ ਅਤੇ ਹਿੱਤ ਨਾ ਕੁਚਲਿਆ ਜਾਵੇ।
Share the post "ਜਾਖੜ ਨੇ ਰਾਜਪਾਲ ਨੂੰ ਕੀਤੀ ਪੰਜਾਬ ਨੂੰ ਪ੍ਰਸ਼ਾਸਕੀ ਅਧਰੰਗ ਤੋਂ ਬਚਾਉਣ ਦੀ ਅਪੀਲ"