ਨਵਾਂ ਬੱਸ ਅੱਡਾ ਤੇ ਸ਼ਹਿਰ ਲਈ ਚੱਲਣਗੀਆਂ ਇਲੈਟਰੋਨਿਕ ਬੱਸਾਂ
ਜਲਦੀ ਹੀ ਕੋਟਸ਼ਮੀਰ ਰੋਡ ’ਤੇ ਬਣੇਗਾ ਮਾਡਲ ਟਾਊਨ ਫ਼ੇਜ 6
ਸੁਖਜਿੰਦਰ ਮਾਨ
ਬਠਿੰਡਾ, 26 ਜਨਵਰੀ : ਗਣਤੰਤਰਤਾ ਦਿਵਸ ਮੌਕੇ ਬਠਿੰਡਾ ’ਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਕੌਮੀ ਝੰਡਾ ਲਹਿਰਾਉਣ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਵਾਸੀਆਂ ਨੂੰ ਦੋ ਵੱਡੀਆਂ ਸੁਗਾਤਾਂ ਦੇਣ ਦਾ ਐਲਾਨ ਕੀਤਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਸ਼ਹਿਰ ’ਚ ਵਧ ਰਹੇ ਭੀੜ ਭੜੱਕੇ ਤੋਂ ਨਿਜ਼ਾਤ ਦਿਵਾਉਣ ਲਈ ਜਲਦੀ ਹੀ ਸ਼ਹਿਰ ਦੇ ਬਾਹਰਵਾਰ ਨਵਾਂ ਤੇ ਡਿਜੀਟਲ ਬੱਸ ਸਟੈਂਡ ਬਣੇਗਾ, ਜਿੱਥੋਂ ਸ਼ਹਿਰ ਦੇ ਲੋਕਾਂ ਲਈ ਮੁਫ਼ਤ ਇਲੈਕਟਰੌਨਿਕ ਬੱਸਾਂ ਚੱਲਣਗੀਆਂ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸਾਫ਼ ਸੁਥਰੀ ਰਿਹਾਇਸ਼ ਦਾ ਪ੍ਰੁਬੰਧ ਕਰਨ ਲਈ ਜਲਦੀ ਹੀ ਬੀਡੀਏ ਵਲੋਂ ਬਠਿੰਡਾ ਵਿੱਚ 260 ਕਰੋੜ ਰੁਪਏ ਦੀ ਲਾਗਤ ਨਾਲ ਅਰਬਨ ਅਸਟੇਟ- ਫੇਜ਼ ਛੇ ਨੂੰ ਵੀ ਵਿਕਸਤ ਕੀਤਾ ਜਾਵੇਗਾ। ਜਿੱਥੇ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਭਗਵੰਤ ਮਾਨ ਨੇ ਬਠਿੰਡਾ ਦੇ ਲੋਕਾਂ ਦੀ ਤਰੀਫ਼ ਕਰਦਿਆਂ ਕਿਹਾ ਕਿ ਉਹ ਦਿਲ ਦੇ ਸਾਫ਼ ਤੇ ਹਰੇਕ ਗੱਲ ਮੂੰਹ ’ਤੇ ਕਹਿਣ ਵਾਲੇ ਹਨ। ਇਸਤੋਂ ਇਲਾਵਾ ਬਠਿੰਡਾ ਨਾਲ ਜੁੜੀਆਂ ਯਾਦਾਂ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਸਮੇਂ ਵਿਸਵ ਕਬੱਡੀ ਕੱਪ ਦੌਰਾਨ ਉਹ ਇਸੇ ਸਟੇਡੀਅਮ ਵਿਚ ਕੁਮੈਟਰੀ ਕਰਨ ਆਏ ਸਨ ਤੇ ਅੱਜ ਰੱਬ ਦੇ ਰੰਗ ਹਨ ਕਿ ਇਸੇ ਸਟੇਡੀਅਮ ਵਿਚ ਦੇਸ਼ ਦਾ ਕੌਮੀ ਝੰਡਾ ਲਹਿਰਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਵਿਚ ਟੂਰਿਜ਼ਮ ਦੀ ਬਹੁਤ ਸੰਭਾਵਨਾ ਹਨ, ਜਿਸਦੇ ਚੱਲਦੇ ਇੱਥੇ ਟੂਰਿਜਮ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ ਜੇ ਇਲਨਚੇਲੀਅਨ ਤੋਂ ਇਲਾਵਾ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਪਾਰਟੀ ਦੀ ਚੀਫ਼ ਵਿੱਪ ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਅਮਿਤ ਰਤਨ, ਵਿਧਾਇਕ ਬਲਕਾਰ ਸਿੰਘ ਸਿੱਧੂ, ਵਿਧਾਇਕ ਜਗਸੀਰ ਸਿੰਘ, ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੋਂ ਇਲਾਵਾ ਸੂਗਰਫ਼ੈਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਪੰਜਾਬ ਖ਼ਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਪੰਜਾਬ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੀਲ ਗਰਗ, ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਅਨਿਲ ਠਾਕੁਰ, ਇੰਮਪੂਰਮੈਂਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹਿਕ ਅਧਿਕਾਰੀ ਤੇ ਮੁਲਾਜਮਾਂ ਤੋਂ ਇਲਾਵਾ ਸਿਆਸੀ ਆਗੂ ਹਾਜ਼ਰ ਸਨ। ਇਸ ਮੌਕੇ ਵੱਖ ਵੱਖ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਲਈ ਕੀਤੇ ਦੋ ਵੱਡੇ ਐਲਾਨ
10 Views