ਕਿਹਾ ਕਿ ਸਾਰੀ ਸਕੀਮ ਇਕ ਵੱਡਾ ਘੁਟਾਲਾ ਤੇ ਇਸਦੀ ਨਿਰਪੱਖ ਜਾਂਚ ਮੰਗੀ
ਪੰਜ ਪਿਆਰਿਆਂ ਪ੍ਰਤੀ ਵਿਖਾਏ ਅਪਮਾਨ ਦੀ ਕੀਤੀ ਨਿਖੇਧੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਆਬਾਦੀ ਵਿਚੋਂ 50 ਫੀਸਦੀ ਤੋਂ ਪ੍ਰਾਇਮਰੀ ਹੈਲਥ ਸੇਵਾਵਾਂ ਲਾਂਭੇ ਕਰ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ ਅਤੇ ਪੰਜਾਬ ਵਿਚ ਪਾਰਟੀ ਦੇ ਡੁੱਬਦੇ ਬੇੜੇ ਨੂੰ ਬਚਾਉਣ ਵਾਸਤੇ ਪੀ ਆਰ ਮੁਹਿੰਮ ਚਲਾ ਰਹੀ ਹੈ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਹੀ ਇਕ ਵੱਡਾ ਘੁਟਾਲਾ ਹੈ ਤੇ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਸਰਕਾਰੀ ਸਕੀਮਾਂ ਨੂੰ ਆਮ ਆਦਮੀ ਪਾਰਟੀ ਦੇ ਲਾਭ ਵਾਸਤੇ ਨਾ ਵਰਤਣ ਦੀ ਹਦਾਇਤ ਦੇਣ ਦੀ ਬੇਨਤੀ ਕਰੇਗਾ। ਅਕਾਲੀ ਆਗੂ ਨੇ 1999 ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 300ਵੇਂ ਖਾਲਸਾ ਸਾਜਣਾ ਦਿਵਸ ਮੌਕੇ ਪੰਜ ਪਿਆਰਿਆਂ ਦੇ ਨਾਂ ’ਤੇ ਸਥਾਪਿਤ ਕੀਤੇ ਸੈਟੇਲਾਈਟ ਕੇਂਦਰਾਂ ਦੇ ਨਾਂ ਬਦਲਣ ਦੇ ਤਰੀਕੇ ’ਤੇ ਵੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਅਤੇ ਦੱਸਿਆ ਕਿ ਕਿਵੇਂ ਉਹਨਾਂ ਦਾ ਨਾਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾ ਕੇ ਉਸਦੇ ਨਾਲ ਆਮ ਆਦਮੀ ਪਾਰਟੀ ਕਲੀਨਿਕ ਲਿਖ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਸੰਗਤਾਂ ਨੇ ਇਸ ਖਿਲਾਫ ਜ਼ੋਰਦਾਰ ਰੋਸ ਪ੍ਰਗਟ ਕੀਤਾ ਤਾਂ ਆਪ ਸਰਕਾਰ ਨੇ ਸਿਰਫ ਇਕ ਛੋਟੀ ਜਿਹੀ ਪੱਟੀ ’ਤੇ ਪੰਜ ਪਿਆਰਿਆਂ ਦੇ ਨਾਂ ਲਿਖ ਦਿੱਤੇ ਹਨ ਜਦੋਂ ਕਿ ਮੁੱਖ ਮੰਤਰੀ ਦੀ ਤਸਵੀਰ ਵੱਡੀ ਕਰ ਕੇ ਲਗਾਈ ਹੈ।ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ’ਤੇ ਸਿੱਧਾ ਹਮਲਾ ਬੋਲਦਿਆਂ ਸ: ਮਜੀਠੀਆ ਨੇ ਕਿਹਾ ਕਿ ਉਹਨਾਂ 2019 ਵਿਚ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਨਾਂ ਬਦਲਣ ਵਿਚ ਨਹੀਂ ਬਲਕਿ ਲੋਕਾਂ ਦੀ ਜ਼ਿੰਦਗੀ ਬੇਹਤਰ ਬਣਾਉਣ ਵਿਚ ਵਿਸ਼ਵਾਸ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਇਸਦੇ ਉਲਟ ਕਰ ਰਹੀ ਹੈ। ਇਸਨੇ ਪਹਿਲਾਂ 100 ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਬਦਲ ਦਿੱਤਾ ਤੇ ਹੁਣ ਇਸਨੇ 500 ਪ੍ਰਾਇਮਰੀ ਹੈਲਥ ਸੈਂਟਰਾਂ ਦੀਆਂ ਇਮਾਰਤਾਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਬਦਲ ਦਿੱਤਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਾਰੀ ਪ੍ਰਕਿਰਿਆ ’ਤੇ ਲੋਕਾਂ ਦਾ ਪੈਸਾ ਬੇਲੋੜੇ ਹੀ ਬਰਬਾਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ 10 ਕਰੋੜ ਰੁਪਏ ਪ੍ਰਾਜੈਕਟ ’ਤੇ ਖਰਚਣ ਮਗਰੋਂ ਇਸਦੇ ਪ੍ਰਚਾਰ ’ਤੇ 30 ਕਰੋੜ ਰੁਪਏ ਖਰਚਣਾ ਚਾਹੁੰਦੀ ਹੈ।
ਸ: ਮਜੀਠੀਆ ਨੇ ਦੱਸਿਆ ਕਿ ਕਿਵੇਂ ਸਾਬਕਾ ਸਿਹਤ ਸਕੱਤਰ ਸ੍ਰੀ ਅਜੋਏ ਸ਼ਰਮਾ ਨੇ ਤਾਮਿਲਨਾਡੂ ਵਿਚ ਵੀ ਇਸ ਸਕੀਮ ਦੀਇਸ਼ਤਿਹਾਰਬਾਜ਼ੀ ’ਤੇ ਪੈਸਾ ਖਰਚਣ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਉਹਨਾਂ ਨੂੰ ਸਿਹਤ ਵਿਭਾਗ ਤੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਅਸੁਰੱਖਿਅਤ ਇਮਾਰਤਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਤੇ ਦੱਸਿਆ ਕਿ 1966 ਵਿਚ ਸਾਬਕਾ ਮੁੱਖ ਮੰਤਰੀ ਰਾਮ ਕਿਸ਼ਨ ਨੇ ਇਕ ਪ੍ਰਾਇਮਰੀ ਹੈਲਥ ਸੈਂਟਰ ਦਾ ਉਦਘਾਟਨ ਕੀਤਾਸੀ, ਉਸ ਅਸੁਰੱਖਿਅਤ ਇਮਾਰਤ ਵਿਚ ਹੁਣ ਆਮ ਆਦਮੀ ਕਲੀਨਿਕ ਖੋਲ੍ਹ ਦਿੱਤਾ ਗਿਆ ਹੈ। ਸ:ਮਜੀਠੀਆ ਨੇ ਜ਼ੋਰ ਦੇ ਕੇ ਅਜਿਹਾ ਕਰਨ ਨਾਲ ਸਿਹਤ ਖੇਤਰ ’ਤੇ ਵੱਡੀ ਮਾਰ ਪਈ ਹੈ। ਉੲਨਾਂ ਦੱਸਿਆ ਕਿ 540 ਪੇਂਡੂ ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ 6000 ਪਿੰਡਾਂ ਵਿਚ ਸਿਹਤ ਸੰਭਾਲ ਸੇਵਾਵਾਂ ਪ੍ਰਭਾਵਤ ਹੋਈਆਂ ਹਨ। ਉਹਨਾਂ ਦੱਸਿਆ ਕਿ 1200 ਪੇਂਡੂ ਫਾਰਮਾਸਿਸਟ ਤੇ ਡਾਕਟਰ ਪ੍ਰਭਾਵਤ ਹੋਏ ਹਨ ਤੇ ਠੇਕੇ ’ਤੇ ਕੰਮ ਕਰਦਾ ਸਟਾਫ, ਜਿਸਨੂੰ ਲੰਬੇ ਸਮੇਂ ਤੋਂ ਤਨਖਾਹ ਨਹੀਂ ਮਿਲੀ, ਹੜਤਾਲ ’ਤੇ ਚਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਪੰਜਾਬ ਵਿਚ ਹਸਪਤਾਲਾਂ ਵਿਚ ਦਵਾਈਆਂ ਤੇ ਸਰਿੰਜਾਂ ਦੀ ਵੀ ਘਾਟ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੈਂਸਰ ਤੇ ਹੈਪਾਟਾਈਟਸ ਸੀ ਮਰੀਜ਼ਾਂ ਨੂੰ ਮਿਲਦੀ ਮੁਫਤ ਇਲਾਜ ਦੀ ਸਹੂਲਤ ਬੰਦ ਕਰਨ ਦੀ ਵੀ ਨਿਖੇਧੀ ਕੀਤੀ।ਸ: ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਦੇ ਦਿਲ ਵਿਚ ਪੰਜਾਬੀਆਂ ਦੇ ਹਿੱਤ ਨਹੀਂ ਹਨ। ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕ ਸਿਰਫ ਇਸ ਕਰ ਕੇ ਖੋਲ੍ਹੇ ਗਏ ਹਨ ਤਾਂ ਜੋ ਜਿਹੜੇ ਰਾਜਾਂ ਵਿਚ ਚੋਣਾਂ ਹੋ ਰਹੀਆਂ ਹਨ, ਉਹਨਾਂ ਵਿਚ ਸਕੀਮ ਦੇ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਵੋਟਰਾਂ ਨੂੰ ਭਰਮਾਇਆ ਜਾ ਸਕੇ ਜਦੋਂ ਕਿ ਅਸਲੀਅਤ ਵਿਚ ਇਹ ਸਿਰਫ ਲੀਪਾ ਪੋਚੀ ਵਾਲੀ ਕਾਰਵਾਈ ਕੀਤੀ ਗਈ ਹੈ।
Share the post "ਆਪ ਸਰਕਾਰ ਸੂਬੇ ਵਿਚੋਂ 50 ਫੀਸਦੀ ਆਬਾਦੀ ਤੋਂ ਪ੍ਰਾਇਮਰੀ ਹੈਲਥ ਸੇਵਾਵਾਂ ਲਾਂਭੇ ਕਰ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ : ਬਿਕਰਮ ਸਿੰਘ ਮਜੀਠੀਆ"