ਪੁਲਿਸ ਵਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੀਤੇ ਸੁਰੱÇੀਖਆ ਦੇ ਸਖ਼ਤ ਪ੍ਰਬੰਧ
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਸੰਤਸੰਗ ਦੇ ਵਿਰੋਧ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 28 ਜਨਵਰੀ: ਮਈ 2007 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਦਿਆਂ ਡੇਰਾ ਸਲਾਬਤਪੁਰਾ ਵਿਚ ਜਾਮ-ਏ-ਇੰਸਾਂ ਪਿਲਾ ਕੇ ਸਿੱਖਾਂ ਦੇ ਨਿਸ਼ਾਨੇ ’ਤੇ ਆਏ ਡੇਰਾ ਸਿਰਸਾ ਦੇ ਮੁਖੀ ਵਲੋਂ ਭਲਕੇ ਮੁੜ ਇਸੇ ਡੇਰੇ ਵਿਚ ਪੈਰੋਲ ’ਤੇ ਆਉਣ ਤੋਂ ਬਾਅਦ ਪਹਿਲੀ ਵਾਰ ਆਨ-ਲਾਈਨ ਸੰਤਸੰਗ ਕੀਤੀ ਜਾ ਰਹੀ ਹੈ। ਇਸ ਸੰਤਸੰਗ ਲਈ ਡੇਰਾ ਪ੍ਰੇਮੀਆਂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਜੰਗੀ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਡੇਰਾ ਸਿਰਸਾ ਤੋਂ ਬਾਅਦ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਪੈਂਦਾ ਡੇਰਾ ਸਲਾਬਤਪੁਰਾ ਦੂਜੇ ਨੰਬਰ ’ਤੇ ਸਭ ਤੋਂ ਵੱਡਾ ਡੇਰਾ ਮੰਨਿਆ ਜਾਂਦਾ ਹੈ। ਪਤਾ ਲੱਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਸ ਮੌਕੇ ਯੂਪੀ ਦੇ ਬਰਨਾਵਾ ਤੋਂ ਡੇਰਾ ਪ੍ਰੇਮੀਆਂ ਨੂੰ ਵਰਚੂਅਲ ਤਰੀਕੇ ਨਾਲ ਸੰਬੋਧਨ ਕਰਨਗੇ, ਜਿੱਥੇ ਕਿ ਉਹ 40 ਦਿਨਾਂ ਦੀ ਪੈਰੋਲ ’ਤੇ ਬਾਹਰ ਆਏ ਹੋਏ ਹਨ। ਹਰਿਆਣਾ ਸਰਕਾਰ ਵਲੋਂ ਸਾਧਵੀਆਂ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਵਿਚ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਦਾ ਸਿੱਖਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ, ਜਿਸਦੇ ਚੱਲਦੇ ਹੁਣ ਮੁੜ ਉਸੇ ਥਾਂ, ਜਿਥੇ ਸਿੱਖਾਂ ਅਤੇ ਪ੍ਰੇਮੀਆਂ ਵਿਚਕਾਰ ਹੁਣ ਤੱਕ ਨਾ ਰੁਕਣ ਵਾਲੀ ਹਿੰਸਾਂ ਸ਼ੁਰੂ ਹੋਈ ਸੀ, ਵਿਖੇ ਵਰਚੂਅਲ ਤਰੀਕੇ ਨਾਲ ਸੰਤਸੰਗ ਕਰਨ ਦੇ ਚੱਲਦੇ ਇੱਕ ਵਾਰ ਮੁੜ ਤਣਾਅਪੂਰਨ ਮਾਹੌਲ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਸਿੱਖ ਜਥੇਬੰਦੀਆਂ ਵਲੋਂ ਡੇਰਾ ਮੁਖੀ ਦਾ ਮੁਖੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਸੂਬੇ ਵਿਚ ਡੇਰਾ ਮੁਖੀ ਵਿਰੁਧ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਿੱਖ ਬੰਦੀਆਂ ਦੀ ਰਿਹਾਈ ਦਾ ਮਾਮਲਾ ਭਖਿਆ ਹੋਇਆ ਹੈ, ਉਸਦੇ ਮੱਦੇ ਨਜ਼ਰ ਪੁਲਿਸ ਵਲੋਂ ਵੀ ਇੱਥੇ ਹੋਣ ਵਾਲੀ ਇਸ ਸੰਤਸੰਗ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਅੱਜ ਐਸ.ਐਸ.ਪੀ ਜੇ.ਇਲਨਚੇਲੀਅਨ ਵਲੋਂ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਡੇਰੇ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪੁਲਿਸ ਸੂਤਰਾਂ ਨੇ ਦਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਤਾ ਲੱਗਿਆ ਹੈ ਕਿ ਕਰੀਬ 25-30 ਹਜ਼ਾਰ ਡੇਰਾ ਪ੍ਰੇਮੀਆਂ ਇਸ ਆਨਲਾਈਨ ਸੰਤਸੰਗ ਵਿਚ ਭਾਗ ਲੈਣ ਲਈ ਪੁੱਜ ਰਹੇ ਹਨ। ਵੱਡੀ ਗੱਲ ਇਹ ਵੀ ਮੰਨੀ ਜਾ ਰਹੀ ਹੈ ਕਿ ਆਮ ਸਿੱਖਾਂ ਦੇ ਨਾਲ-ਨਾਲ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਡੇਰਾ ਮੁਖੀ ਦੀਆਂ ਗਤੀਵਿਧੀਆਂ ’ਤੇ ਉਂਗਲ ਚੁੱਕੀ ਜਾ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਵਿਰੁੱਧ ਹਾਈ ਕੋਰਟ ਵਿਚ ਜਾਣ ਦਾ ਫੈਸਲਾ ਕੀਤਾ ਹੈ।
ਬਾਕਸ
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਸੰਤਸੰਗ ਦੇ ਵਿਰੋਧ ਦਾ ਐਲਾਨ
ਬਠਿੰਡਾ: ਉਧਰ ਸਰਬੱਤ ਖ਼ਾਲਸੇ ਵਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਨੇ ਡੇਰਾ ਸਿਰਸਾ ਵਿਖੇ ਹੋਣ ਜਾ ਰਹੀ ਸੰਤਸੰਗ ਦੇ ਵਿਰੋਧ ਦਾ ਐਲਾਨ ਕੀਤਾ ਹੈ। ਹਾਲਾਂਕਿ ਭਾਈ ਮੰਡ ਨੇ ਵਿਰੋਧ ਦੇ ਪ੍ਰੋਗਰਾਮ ਦੀ ਰੂਪ ਰੇਖਾ ਦਾ ਖ਼ੁਲਾਸਾ ਨਹੀਂ ਕੀਤਾ ਹੈ। ਪਤਾ ਚੱਲਿਆ ਹੈ ਕਿ ਕੁੱਝ ਹੋਰ ਧਾਰਮਿਕ ਜਥੇਬੰਦੀਆਂ ਵਲੋਂ ਵੀ ਇਸ ਸਬੰਧ ਵਿਚ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
Share the post "ਪੈਰੋਲ ’ਤੇ ਆਇਆ ਡੇਰਾ ਮੁਖੀ ਹੁਣ ਪਹਿਲੀ ਵਾਰ ਪੰਜਾਬ ’ਚ ਕਰੇਗਾ ਆਨ-ਲਾਈਨ ਸੰਤਸੰਗ"