ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ : ਸੂਬੇ ’ਚ ਨਸ਼ਿਆਂ ਦੀ ਰੋਕਥਾਮ ’ਚ ਲੱਗੀ ਪੰਜਾਬ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਅਤੇ ਪਿੱਥੋ ਦੇ ਲੋਕਾਂ ਨੇ ਇੱਕ ਪੁਲਿਸ ਮੁਲਾਜਮ ਨੂੰ ਹੀ ਨਸ਼ੇ ਵੇਚਣ ਦੇ ਦੋਸ਼ਾਂ ਹੇਠ ਕਾਬੂ ਕਰ ਲਿਆ । ਇਹ ਮਾਮਲਾ ਇੰਨ੍ਹਾਂ ਵਧ ਗਿਆ ਕਿ ਪੁਲਿਸ ਮੁਲਾਜਮ ਨੂੰ ਛੁਡਾਉਣ ਲਈ ਖੁਦ ਐਸ.ਐਸ.ਪੀ ਜੇ.ਇਲਨਚੇਲੀਅਨ ਨੂੰ ਮੌਕੇ ’ਤੇ ਪੁੱਜਣਾ ਪਿਆ, ਜਿੱਥੇ ਦੋ ਪਿੰਡਾਂ ਸਹਿਤ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਧਰਨਾ ਲਗਾ ਕੇ ਪੁਲਿਸ ਮੁਲਾਜਮ ਨੂੰ ਘੇਰਿਆ ਹੋਇਆ ਸੀ। ਐਸ.ਐਸ.ਪੀ ਨੇ ਧਰਨੇ ਵਿਚ ਪੁੱਜ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਮੁਲਾਜਮ ਵਿਰੁਧ ਬਣਦੀ ਕਾਰਵਾਈ ਕਰਨਗੇ, ਜਿਸਤੋਂ ਬਾਅਦ ਹੀ ਲੋਕ ਸ਼ਾਂਤ ਹੋਏ। ਮਿਲੀ ਸੂਚਨਾ ਮੁਤਾਬਕ ਉਕਤ ਪੁਲਿਸ ਮੁਲਾਜਮ ਅੱਜ ਸਾਮ ਸਮੇਂ ਸ਼ੱਕੀ ਹਾਲਤ ਵਿੱਚ ਉਕਤ ਪਿੰਡਾਂ ਵਿੱਚੋਂ ਲੰਘਦੀ ਲਸਾੜਾ ਡਰੇਨ ’ਤੇ ਕਾਰ ਲਈ ਖੜਾ ਸੀ। ਬੀਕੇਯੂ ਸਿੱਧੂਪੁਰ ਦੇ ਆਗੂ ਗੁਰਮੇਲ ਸਿੰਘ ਪਿੱਥੋ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਮਹੀਨੇ ਤੋਂ ਇਸ ਪੁਲਿਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰੰਤੂੁ ਪੁਲੀਸ ਨੇ ਕੋਈ ਕਾਰਵਾਈ ਨਹੀ ਕੀਤੀ। ਜਿਸਦੇ ਚੱਲਦੇ ਅੱਜ ਇਸ ਪੁਲਿਸ ਮੁਲਾਜਮ ਨੂੰ ਇੱਕਠੇ ਹੋਏ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਥਾਣਾ ਸਦਰ ਗਿੱਲ ਕਲਾਂ ਨੂੰ ਸੂਚਿਤ ਕੀਤਾ ਗਿਆ ਪ੍ਰੰਤੂ ਐਸਐਚਓ ਨੇ ਖ਼ੁਦ ਆਉਣ ਦੀ ਬਜਾਏ ਦੋ ਪੁਲਿਸ ਮੁਲਾਜਮ ਭੇਜ ਦਿੱਤੇ, ਜਿਸ ਕਾਰਨ ਲੋਕਾਂ ਦਾ ਗੁੱਸਾ ਹੋਰ ਵਧ ਗਿਆ। ਇਸ ਤੋਂ ਬਾਅਦ ਇੱਕਠੇ ਹੋਏ ਪਿੰਡ ਦੇ ਲੋਕ ਉਕਤ ਮੁਲਾਜਮ ਨੂੰ ਮੰਡੀ ਕਲਾਂ ਲੈ ਗਏ। ਪਿੰਡ ਮੰਡੀ ਕਲਾਂ ’ਚ ਵੱਡੀ ਗਿਣਤੀ ਵਿਚ ਲੋਕਾਂ ਨੇ ਕਿਸਾਨ ਆਗੂਆਂ ਦੀ ਅਗਵਾਈ ਹੇਠ ਮੋੜ-ਰਾਮਪੁਰਾ ਸੜਕ ਨੂੰ ਜੋੜਦੇ ਪੁਲ ’ਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਲੱਖਾ ਸਿਧਾਣਾ ਵੀ ਮੌਕੇ ’ਤੇ ਪੁੱਜਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਰਾਜ ਸਿੰਘ ਮੰਡੀ ਕਲਾਂ ਨੇ ਮੰਗ ਕੀਤੀ ਕਿ ਨਸ਼ੇ ਨੂੰ ਬੰਦ ਕਰਨ ਲਈ ਪੁਲਿਸ ਸੰਜੀਦਾ ਨਹੀਂ। ਉਧਰ ਮਹੌਲ ਨੂੰ ਤਨਾਅ ਪੂਰਨ ਹੁੰਦਿਆ ਦੇਖ ਖੁਦ ਐਸ.ਐਸ.ਪੀ ਜੇ.ਏਲੀਚੇਲੀਅਨ ਮੌਕੇ +ਤੇ ਪੁੱਜੇ ਅਤੇ ਧਰਨਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਕਾਬੂ ਕੀਤੇ ਗਏ ਪੁਲੀਸ ਮੁਲਜਮ ਤੋਂ ਡੂਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਜਿਸਤੋਂ ਬਾਅਦ ਧਰਨਾ ਚੁੱਕ ਦਿੱਤਾ।
Share the post "ਨਸ਼ੇ ਵੇਚਣ ਦੇ ਸ਼ੱਕ ਹੇਠ ਮੰਡੀ ਕਲਾਂ ’ਚ ਪੁਲਿਸ ਮੁਲਾਜਮ ਨੂੰ ਘੇਰਿਆ, ਐਸ.ਐਸ.ਪੀ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਦਾ ਦਿੱਤਾ ਭਰੋਸਾ"