ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਬੀ.ਟੈਕ ਇਲੈਕਟਰੀਕਲ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਸ਼ਾਖਾਵਾਂ ਦੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਟਰਾਈਡੈਂਟ ਗਰੁੱਪ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵੱਲੋਂ ਸ਼ਾਨਦਾਰ ਆਕਰਸ਼ਕ ਪੈਕੇਜ ਉੱਪਰ ਚੁਣਿਆ ਗਿਆ ਹੈ। ਟਰਾਈਡੈਂਟ ਗਰੁੱਪ ਨੇ ਵਿਦਿਆਰਥੀਆਂ ਨੂੰ 15 ਲੱਖ ਪ੍ਰਤੀ ਸਾਲ ਦਾ ਰਿਕਾਰਡ ਉੱਚਤਮ ਪਲੇਸਮੈਂਟ ਪੈਕੇਜ ਪੇਸ਼ ਕੀਤਾ ਹੈ। ਚੁਣੇ ਗਏ ਉਮੀਦਵਾਰ ਅਸ਼ਵਿੰਦਰ ਬਿਰਦੀ, ਯਾਦਵਿੰਦਰ ਸਿੰਘ, ਲਵ ਗਰਗ, ਪਾਰਥ ਪਾਠਕ (ਸਾਰੇ ਬੀ.ਟੈਕ ਇਲੈਕਟਰੀਕਲ ਇੰਜੀਨੀਅਰਿੰਗ), ਸ਼ਿਵਮ ਕੁਮਾਰ ਅਤੇ ਅਮਿਤ ਕੁਮਾਰ (ਦੋਵੇਂ ਬੀ.ਟੈਕ ਮਕੈਨੀਕਲ) ਹਨ ਜੋ ਇਸ ਸਮੇਂ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਐਮਆਰਐਸ-ਪੀਟੀਯੂ, ਬਠਿੰਡਾ ਵਿੱਚ ਆਪਣੀ ਡਿਗਰੀ ਕਰ ਰਹੇ ਹਨ। ਐਮਆਰਐਸ-ਪੀਟੀਯੂ, ਵਾਈਸ ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ, ਡਾ. ਸੰਜੀਵ ਅਗਰਵਾਲ, ਪ੍ਰੋਫ਼ੈਸਰ ਇੰਚਾਰਜ, ਕਾਰਪੋਰੇਟ ਰਿਸੋਰਸ ਸੈਂਟਰ, ਡਾ. ਰਾਜੇਸ਼ ਗੁਪਤਾ ਅਤੇ ਡਾਇਰੈਕਟਰ-ਟਰੇਨਿੰਗ ਅਤੇ ਪਲੇਸਮੈਂਟ, ਹਰਜੋਤ ਸਿੰਘ ਸਿੱਧੂ ਨੇ ਨਾਮੀਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਕਾਬਲੀਅਤ ਦੇ ਆਧਾਰ ਤੇ ਚੋਣ ਕਰਨ ’ਤੇ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਾਰਪੋਰੇਟ ਰਿਸੋਰਸ ਸੈਂਟਰ ਅਤੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋ.ਸਿੱਧੂ ਨੇ ਵਿਦਿਆਰਥੀਆਂ ਨੂੰ ਮੌਜੂਦਾ ਹਾਲਾਤ ਵਿੱਚ ਦਰਪੇਸ਼ ਨਵੇਂ ਰੁਝਾਨਾਂ ਅਤੇ ਤਕਨੀਕਾਂ ਬਾਰੇ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਅੱਗੇ ਕਿਹਾ ਕਿ ਅਸੀਂ ਉਦਯੋਗ ਨਾਲ ਆਪਣੀ ਸ਼ਮੂਲੀਅਤ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਅਸੀਂ ਸਮਾਜਿਕ ਤੌਰ ’ਤੇ ਚੇਤੰਨ ਜ਼ਿੰਮੇਵਾਰ ਨੇਤਾਵਾਂ ਨੂੰ ਬਣਾਉਣਾ ਜਾਰੀ ਰੱਖੀਏ ਜੋ ਸਾਡੇ ਦੇਸ਼ ਨੂੰ ਵਿਸ਼ਵ ਭਰ ਵਿੱਚ ਚਮਕਾਉਣ ਵਿੱਚ ਮੱਦਦ ਕਰਨਗੇ । ਡਾ: ਰਾਜੇਸ਼ ਗੁਪਤਾ ਅਤੇ ਹਰਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੰਜੀਨੀਅਰਿੰਗ ਦੀਆਂ ਕੋਰ ਸ਼ਾਖਾਵਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੱਡੇ ਉਦਯੋਗਾਂ ਵੱਲੋਂ ਦਿਲਚਸਪੀ ਨਾਲ ਚੁਣਿਆ ਜਾ ਰਿਹਾ ਹੈ੍ਟ। ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਪਲੇਸਮੈਂਟ ਪੈਕੇਜ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਵੀ ਵਿਦਿਆਰਥੀਆਂ ਨੂੰ ਆਕਰਸ਼ਕ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।ਇਸ ਮੌਕੇ ਡਾ: ਜਸਵੀਰ ਟਿਵਾਣਾ (ਮੁਖੀ, ਮਕੈਨੀਕਲ ਇੰਜੀਨੀਅਰਿੰਗ), ਡਾ: ਗਗਨਦੀਪ ਕੌਰ (ਮੁਖੀ, ਇਲੈਕਟਰੀਕਲ ਇੰਜੀਨੀਅਰਿੰਗ), ਡਾ: ਹਰਅੰਮ੍ਰਿਤਪਾਲ ਸਿੰਘ ਅਤੇ ਇੰਜ. ਗਗਨਦੀਪ ਸੋਢੀ ਵੀ ਹਾਜ਼ਰ ਸਨ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਰਾਹੀਂ ਪ੍ਰਸਿੱਧ ਕੰਪਨੀਆਂ ਵਿਚ ਚੋਣ"