ਪੀਏ ਰਿਸ਼ਮ ਗਰਗ ਦਾ ਵੀ ਮਿਲਿਆ ਇੱਕ ਰੋਜ਼ ਹੋਰ ਪੁਲਿਸ ਰਿਮਾਂਡ
ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ:-ਲੰਘੀ 16 ਫ਼ਰਵਰੀ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਬਿਉਰੋ ਨੇ ਬੀਤੀ ਅੱਧੀ ਰਾਤ ਆਪ ਵਿਧਾਇਕ ਅਮਿਤ ਰਤਨ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਅੱਜ ਤੜਕੇ ਵਿਜੀਲੈਂਸ ਟੀਮ ਵਿਧਾਇਕ ਨੂੰ ਰਾਜਪੁਰਾ ਤੋਂ ਬਠਿੰਡਾ ਲੈ ਕੇ ਆਈ। ਕਾਨੂੰਨੀ ਪ੍ਰੀਕ੍ਰਿਆ ਪੂਰੀ ਕਰਨ ਤੋਂ ਬਾਅਦ ਵਿਧਾਇਕ ਨੂੰ ਉਸਦੇ ਪ੍ਰਾਈਵੇਟ ਪੀ.ਏ ਸਹਿਤ ਏ.ਸੀ.ਜੀ.ਐਮ ਦਲਜੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਦੀ ਸੁਣਵਾਈ ਦੌਰਾਨ ਦੋਨਾਂ ਧਿਰਾਂ ਦੇ ਵਕੀਲਾਂ ਵਿਚਕਾਰ ਜੰਮ ਕੇ ਬਹਿਸ ਹੋਈ ਜਿਸਤੋਂ ਬਾਅਦ ਮਾਣਯੋਗ ਅਦਾਲਤ ਨੇ ਵਿਧਾਇਕ ਅਮਿਤ ਰਤਨ ਨੂੰ 27 ਫ਼ਰਵਰੀ ਤੱਕ ਵਿਜੀਲੈਂਸ ਕੋਲ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਉਸਦੇ ਪ੍ਰਾਈਵੇਟ ਪੀ.ਏ ਕਹੇ ਜਾਣ ਵਾਲੇ ਰਿਸ਼ਮ ਗਰਗ ਦਾ ਵੀ ਇੱਕ ਰੋਜ਼ਾ ਰਿਮਾਂਡ ਦੇ ਦਿੱਤਾ ਗਿਆ। ਰਿਸ਼ਮ, ਜਿਸਦੀ ਗ੍ਰਿਫਤਾਰੀ 16 ਫ਼ਰਵਰੀ ਨੂੰ ਸਕਰਟ ਹਾਊਸ ਵਿਚੋਂ ਮੌਕੇ ’ਤੇ ਹੀ ਹੋ ਗਈ ਸੀ, ਇਸਤੋਂ ਪਹਿਲਾਂ ਵੀ ਲਗਾਤਾਰ ਸੱਤ ਦਿਨਾਂ ਤੋਂ ਪੁਲਿ ਰਿਮਾਂਡ ’ਤੇ ਚੱਲੇ ਆ ਰਹੇ ਹਨ। ਮੁਜਰਮ ਧਿਰਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਗੁਰਜੀਤ ਸਿੰਘ ਖਡਿਆਲਾ ਅਤੇ ਹਰਪਿੰਦਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਇਹ ਕੇਸ ਇੱਕ ਯੋਜਨਾਵਧ ਤਰੀਕੇ ਨਾਲ ਬਣਾਇਆ ਗਿਆ ਹੈ। ਉਧਰ ਸਰਕਾਰੀ ਵਕੀਲਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਵਿਧਾਇਕ ਦੀ ਸਿੱਧੀ ਸਮੂਲੀਅਤ ਸਾਹਮਣੇ ਆਈ ਹੈ ਤੇ ਹੁਣ ਉਨ੍ਹਾਂ ਤੋਂ ਪੁਛਗਿਛ ਕੀਤੀ ਜਾਣੀ ਹੈ ਤੇ ਨਾਲ ਹੀ ਵਾਈਰਲ ਆਡੀਓ ਦੀ ਸਚਾਈ ਜਾਣਨ ਲਈ ਵਿਧਾਇਕ ਅਤੇ ਪੀਏ ਦੀ ਅਵਾਜ਼ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਜਾਣੀ ਹੈ। ਦਸਣਾ ਬਣਦਾ ਹੈ ਕਿ ਘਟਨਾ ਤੋਂ ਬਾਅਦ ਵਿਧਾਇਕ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ। ਆਗਾਮੀ 3 ਮਾਰਚ ਨੂੰ ਸ਼ੁਰੂ ਹੋਏ ਬਜ਼ਟ ਸੈਸਨ ਵਿਚ ਇਹ ਮਾਮਲਾ ਭਖ ਸਕਦਾ ਸੀ। ਜਿਸਦੇ ਚੱਲਦੇ ਸਰਕਾਰ ਨੇ ਬਦਨਾਮੀ ਤੋਂ ਬਚਣ ਲਈ ਵਿਧਾਇਕ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ। ਸੂਤਰਾਂ ਮੁਤਾਬਕ 21 ਫ਼ਰਵਰੀ ਨੂੰ ਵਿਜੀਲੈਂਸ ਨੇ ਵਿਧਾਂਇਕ ਅਮਿਤ ਰਤਨ ਨੂੰ ਇਸ ਕੇਸ ਵਿਚ ਨਾਮਜਦ ਕਰ ਲਿਆ ਸੀ। ਸੂਤਰਾਂ ਮੁਤਾਬਕ ਹੁਣ ਤੱਕ ਇਸ ਕੇਸ ਦੀ ਹੋਈ ਪੜਤਾਲ ਤੋਂ ਬਾਅਦ ਵਿਧਾਇਕ ਦੇ ਤਿੰਨ-ਚਾਰ ਹੋਰ ਨਜਦੀਕੀ ਵੀ ਇਸ ਕੇਸ ਦੀ ਕੁੜਿੱਕੀ ਵਿਚ ਆ ਸਕਦੇ ਹਨ। ਜਦੋਂਕਿ ਬਠਿੰਡਾ ਦਿਹਾਤੀ ਹਲਕੇ ਦੇ ਕੁੱਝ ਵਿਅਕਤੀਆਂ ’ਤੇ ਵੀ ਵਿਧਾਇਕ ਲਈ ਪੈਸੇ ਇਕੱਠੇ ਕਰਨ ਦੀ ਜਾਂਚ ਚੱਲ ਰਹੀ ਹੈ। ਹਾਲਾਂਕਿ ਇੰਨ੍ਹਾਂ ਦੋਸ਼ਾਂ ਵਿਚ ਸਚਾਈ ਕਿੰਨੀ ਕੁ ਹੈ, ਇਹ ਤਾਂ ਆਉਣ ਵਾਲੇ ਸਮੇਂ ਵਿਚ ਸਾਹਮਣੈ ਆਵੇਗਾ ਪ੍ਰੰਤੂ 16 ਫ਼ਰਵਰੀ ਦੀ ਦੇਰ ਸ਼ਾਮ ਸਰਕਟ ਹਾਊਸ ’ਚ ਵਿਜੀਲੈਂਸ ਦੀ ਰੇਡ ਤੋਂ ਪਹਿਲਾਂ ਖੁਦ ਨੂੰ ਵਿਧਾਇਕ ਦੀਆਂ ਸੱਜੀਆਂ-ਖੱਬੀਆਂ ਬਾਹਾਂ ਦੱਸਣ ਵਾਲੇ ਵਿਅਕਤੀ ਰੂਪੋਸ ਹੋ ਗਏ ਹਨ। ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਕੋਲ ਬਠਿੰਡਾ ਦਿਹਾਤੀ ਹਲਕੇ ਦੇ ਅਧੀਨ ਆਉਂਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਉਰਫ਼ ਕਾਕਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ ਕਰਾਉਣ ਬਦਲੇ ਉਕਤ ਮੁਲਜ਼ਮ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਗੌਰਤਲਬ ਹੈ ਕਿ ਵਿਧਾਇਕ ਅਮਿਤ ਰਤਨ ਨੇ 2017 ਵਿੱਚ ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਆਪ ਦੀ ਉਮੀਦਵਰ ਰੁਪਿੰਦਰ ਕੌਰ ਰੂਬੀ ਕੋਲੋ ਹਾਰ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਉਪਰ ਅਕਾਲੀ ਦਲ ਦੇ ਹੀ ਕੁੱਝ ਵਰਕਰਾਂ ਨੇ ਠੱਗੀ ਮਾਰਨ ਦੇ ਦੋਸ਼ ਲਗਾਏ ਸਨ, ਜਿਸਦੇ ਚੱਲਦੇ ਉਸਨੂੰ ਅਕਾਲੀ ਦਲ ਵਿਚੋਂ ਕੱਢ ਦਿਤਾ ਗਿਆ ਸੀ ਤੇ 2022 ਦੀਆਂ ਚੋਣਾਂ ਮੌਕੇ ਉਹ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਇਸੇ ਹਲਕੇ ਤੋਂ ਚੋਣ ਜਿੱਤਣ ਵਿਚ ਸਫ਼ਲ ਰਹੇ।
ਬਾਕਸ
ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ, ਅਦਾਲਤ ’ਤੇ ਪੂਰਾ ਭਰੋਸਾ: ਅਮਿਤ ਰਤਨ
ਬਠਿੰਡਾ: ਉਧਰ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਅਮਿਤ ਰਤਨ ਨੇ ਦਾਅਵਾ ਕੀਤਾ ਕਿ ‘‘ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਉਨ੍ਹਾਂ ਨੂੰ ਅਦਾਲਤ ਉਪਰ ਪੂਰਾ ਭਰੋਸਾ ਹੈ। ’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਸਾਰਾ ਕੁੱਝ ਇੱਕ ਸਾਜਸ ਤਹਿਤ ਹੋ ਰਿਹਾ ਹੈ ਤੇ ਜਲਦੀ ਹੀ ਸਚਾਈ ਸਾਹਮਣੇ ਆ ਜਾਵੇਗੀ।
ਬਾਕਸ
ਵਿਧਾਇਕ ਦੇ ਸਮਰਥਕ ਰਹੇ ਗਾਇਬ
ਬਠਿੰਡਾ: 16 ਫ਼ਰਵਰੀ ਦੀ ਘਟਨਾ ਤੋਂ ਪਹਿਲਾਂ ਵਿਧਾਇਕ ਦੇ ਚਾਰ-ਚੁਫ਼ੇਰੇ ਘੁੰਮਣ ਵਾਲੇ ਉਨ੍ਹਾਂ ਦੇ ਸਮਰਥਕ ਸਾਥ ਛੱਡ ਗਏ ਲੱਗਦੇ ਹਨ। ਹਾਲਾਂਕਿ ਉਨ੍ਹਾਂ ਦੇ ਪਿਤਾ ਬੀ.ਐਸ.ਰਤਨ ਅਪਣੇ ਵਕੀਲ ਨਾਲ ਪਹਿਲਾਂ ਵਿਜੀਲੈਂਸ ਦਫ਼ਤਰ ਪੁੱਜੇ ਤੇ ਬਾਅਦ ਵਿਚ ਅਦਾਲਤ ਵਿਚ ਵੀ ਹਾਜ਼ਰ ਰਹੇ। ਜਦੋਂਕਿ ਵਿਜੀਲੈਂਸ ਵਲੋਂ ਉਨ੍ਹਾਂ ਗ੍ਰਿਫਤਾਰ ਕਰਕੇ ਬਠਿੰਡਾ ਲਿਆਂਦੇ ਜਾਣ ਅਤੇ ਬਾਅਦ ਵਿਚ ਅਦਾਲਤ ’ਚ ਪੇਸ਼ ਕਰਨ ਸਮਂੇ ਕੋਈ ਵੀ ਸਮਰਥਕ ਦਿਖ਼ਾਈ ਨਹੀਂ ਦਿੱਤਾ। ਇਸਦੇ ਇਲਾਵਾ ਆਗੂਆਂ ਨੇ ਵੀ ਦੂਰੀ ਬਣਾਈ ਰੱਖੀ। ਚਰਚਾ ਮੁਤਾਬਕ ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਤ ਇੱਕ ਦਰਜ਼ਨ ਆਪ ਆਗੂਆਂ ਨੇ ਅਪਣੇ ਫ਼ੋਨ ਵੀ ਬੰਦ ਕਰ ਲਏ ਹਨ।
Share the post "ਰਿਸ਼ਵਤ ਮਾਮਲੇ ’ਚ ਵਿਜੀਲੈਂਸ ਵਲੋਂ ਗ੍ਰਿਫਤਾਰ ਵਿਧਾਇਕ ਅਮਿਤ ਰਤਨ 27 ਤੱਕ ਪੁਲਿਸ ਰਿਮਾਂਡ ’ਤੇ"