ਪੰਜਾਬ ਸਰਕਾਰ ਸਮੇਂ ਤੇ ਤਨਖਾਹ ਨਾ ਦੇ ਕੇ ਸੰਘਰਸ ਕਰਨ ਨੂੰ ਕਰ ਰਹੀ ਹੈ ਮਜਬੂਰ -ਕੁਲਵੰਤ ਸਿੰਘ ਮਨੇਸ
ਸੁਖਜਿੰਦਰ ਮਾਨ
ਬਠਿੰਡਾ, 27 ਫ਼ਰਵਰੀ : ਮਹੀਨਾਂ ਖ਼ਤਮ ਹੋਣ ਦੇ ਕਰੀਬ ਪੁੱਜਣ ਦੇ ਬਾਵਜੂਦ ਤਨਖ਼ਾਹਾਂ ਜਾਰੀ ਨਾ ਹੋਣ ਦੇ ਰੋਸ਼ ਵਜੋਂ ਅੱਜ ਪੀਆਰਟੀਸੀ ਕਾਮਿਆਂ ਵਲੋਂ ਸ਼ਹਿਰ ਵਿਚ ਜਾਮ ਕੀਤਾ ਗਿਆ। ਸ਼ਹਿਰ ਦੇ ਪ੍ਰਮੁੱਖ ਇੰਟਰੀ ਸਥਾਨਾਂ ਅਤੇ ਬੱਸ ਸਟੈਂਡ ਦੇ ਬਾਹਰ ਸਰਕਾਰੀ ਬੱਸਾਂ ਲਗਾ ਕੇ ਰੋਸ਼ ਪ੍ਰਦਰਸ਼ਨ ਕਰਦਿਆਂ ਕਾਮਿਆਂ ਨੇ ਦੋਸ਼ ਲਗਾਇਆ ਕਿ ਹਰ ਮਹੀਨੇ ਤਨਖ਼ਾਹਾਂ ਲੈਣ ਦੇ ਲਈ ਵੀ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਹੇਠ ਦੁਪਿਹਰ 2 ਵਜੇਂ ਬਠਿੰਡਾ ਡਿੱਪੂ ਦੇ ਬੱਸ ਸਟੈਂਡ ਬੰਦ ਕਰਕੇ ਤਨਖਾਹ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਪੀਆਰਟੀਸੀ ’ਚ ਕੰਮ ਕਰਦੇ ਕੱਚੇ ਵਰਕਰਾਂ ਦੀਆਂ ਤਨਖਾਹਾਂ ਜਾਰੀ ਹੋਈਆਂ ਨੂੰ ਲਗਭਗ 2 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਹਾਲੇ ਤੱਕ ਵੀ ਤਨਖ਼ਾਹਾਂ ਨਹੀਂ ਜਾਰੀ ਕੀਤੀਆਂ ਹਨ। ਜਿਸਦੇ ਚੱਲਦੇ ਕੱਚੇ ਵਰਕਰਾਂ ਦੇ ਘਰਾਂ ਦੇ ਗੁਜਾਰੇ ਚਲਾਉਣ ਬਹੁਤ ਹੀ ਮੁਸ਼ਕਲ ਹੋ ਰਹੇ ਹਨ। ਇਸ ਮੌਕੇ ਪੀਆਰਟੀਸੀ ਕਾਮਿਆਂ ਨੇ ਦਾਅਵਾ ਕੀਤਾ ਹੈ ਕਿ ਪਿਛਲੀ ਸਰਕਾਰ ਵਲੋਂ ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਦਾ ਬਕਾਇਆ ਪੰਜਾਬ ਸਰਕਾਰ ਵਲੋਂ ਜਾਰੀ ਨਹੀਂ ਕੀਤਾ ਗਿਆ। ਜਿਸਦੇ ਚੱਲਦੇ ਪੀਆਰਟੀਸੀ ਦੀ ਹਾਲਾਤ ਬਦਤਰ ਹੋ ਰਹੀ ਹੈ। ਇਸੇ ਤਰ੍ਹਾਂ 2 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਹੁਣ ਤੱਕ ਕੱਚੇ ਮੁਲਾਜ਼ਮਾਂ ਦਾ ਬਣਦਾ ਬਕਾਇਆ ਵੀ ਵਿਭਾਗ ਵੱਲੋਂ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਇਆ ਜਾ ਰਹੀਆਂ ਹਨ। ਡਿੱਪੂ ਚੇਅਰਮੈਨ ਸਰਬਜੀਤ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਸੈਕਟਰੀ ਕੁਲਦੀਪ ਸਿੰਘ , ਰਵਿੰਦਰ ਬਰਾੜ, ਮਨਪ੍ਰੀਤ ਹਾਕੁਵਾਲਾ, ਹਰਤਾਰ ਸਿੰਘ ਆਦਿ ਨੇ ਬੋਲਦਿਆਂ ਐਲਾਨ ਕੀਤਾ ਕਿ ਜੇਕਰ ਵਿਭਾਗ ਨੇ ਸਮੇਂ ਸਿਰ ਤਨਖਾਹ ਨਾ ਰਲੀਜ਼ ਕੀਤਾ ਤਾਂ ਅਗਲਾ ਐਕਸ਼ਨ ਇਸ ਤੋਂ ਤਿੱਖਾ ਕੀਤਾ ਜਾਵੇਗਾ ਅਤੇ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ। ਇਸ ਦੌਰਾਨ ਜਿੱਥੇ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਥਾਂ-ਥਾਂ ਜਾਮ ਲੱਗਣ ਕਾਰਨ ਆਮ ਰਾਹਗੀਰਾਂ ਨੂੰ ਵੀ ਦਿੱਕਤਾਂ ਦਾ ਨਾਲ ਦੋ -ਚਾਰ ਹੋਣਾ ਪਿਆ।
Share the post "ਮਹੀਨਾਂ ਲੰਘਣ ਦੇ ਬਾਵਜੂਦ ਤਨਖ਼ਾਹਾਂ ਜਾਰੀ ਨਾ ਹੋਣ ਦੇ ਰੋਸ਼ ’ਚ ਪੀਆਰਟੀਸੀ ਕਾਮਿਆਂ ਨੇ ਕੀਤਾ ਸ਼ਹਿਰ ਜਾਮ"