ਸੁਖਜਿੰਦਰ ਮਾਨ
ਬਠਿੰਡਾ, 28 ਫ਼ਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅੱਜ ਇੱਕ ਸੂਬਾਈ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਸਥਾਨਕ ਗੁਰਦਵਾਰਾ ਸਾਹਿਬ ਹਾਜੀ ਰਤਨ ਵਿਖੇ ਹੋਈ। ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਾਰਜਕਾਰੀ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 20 ਮਾਰਚ ਐਸਕੇਐਮ ਦੇ ਸੱਦੇ ’ਤੇ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਹਜ਼ਾਰਾਂ ਜੁਝਾਰੂ ਕਿਸਾਨ ਕਾਫ਼ਲਿਆਂ ਦੀ ਸ਼ਮੂਲੀਅਤ ਕਰਨ ਲਈ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ 14 ਫਰਵਰੀ ਦੀ ਸੂਬਾ ਜਨਰਲ ਕੌਂਸਲ ਅਤੇ 20 ਫਰਬਰੀ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿੱਚ ਕੀਤੀ ਗਈ ਸ਼ਮੂਲੀਅਤ ਸਬੰਧੀ ਰੀਵਿਊ ਕੀਤਾ ਗਿਆ। ਜਨਰਲ ਕੌਂਸਲ ਵੱਲੋਂ ਪਾਸ ਕੀਤੇ ਮਤਿਆਂ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਲਈ ਭਵਿੱਖ ਦੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਸ ਮੌਕੇ 8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਵੱਖ-ਵੱਖ ਥਾਵਾਂ’ਤੇ ਕਿਸਾਨ ਔਰਤ ਕਾਰਕੁੰਨਾਂ ਦੀਆਂ ਬਰਨਾਲਾ,ਮਾਨਸਾ, ਬਠਿੰਡਾ, ਜਗਰਾਓਂ ਵਿਖੇ ਇਕੱਤਰਤਾਵਾਂ ਕਰਨ ਦਾ ਤਹਿ ਕੀਤਾ ਗਿਆ। 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਬਠਿੰਡਾ, ਬਰਨਾਲਾ, ਜਗਰਾਓਂ, ਹੁਸੈਨੀਵਾਲਾ ਵਿਖੇ ਵਿਸ਼ਾਲ ਕਨਵੈਨਸ਼ਨਾਂ/ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੀ ਹੋਈ ਬਰਬਾਦੀ, ਮੂੰਗੀ ਦੀ ਫ਼ਸਲ ਦਾ ਰਹਿੰਦਾ ਬਕਾਇਆ ਅਤੇ ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂ ਧਨ ਦੇ ਹੋਏ ਨੁਕਸਾਨ ਦੀ ਪੂਰਤੀ ਨਾ ਕਰਨ ਖ਼ਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਕਣਕ ਦੀ ਫ਼ਸਲ ਲਈ ਦਿਨ ਸਮੇਂ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਗਈ। ਮੌਜੂਦਾ ਕਾਰਪੋਰੇਟੀ ਖੇਤੀਬਾੜੀ ਮਾਡਲ ਦੀ ਥਾਂ ਕਿਸਾਨ,ਕੁਦਰਤ,ਸਮਾਜ ਪੱਖੀ ਨੀਤੀ ਦਾ ਖਰੜਾ ਜਲਦ ਤਿਆਰ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਦੀਆਂ ਅਹਿਮ ਮੰਗਾਂ ਦਾ ਮੰਗ ਪੱਤਰ ਤਿਆਰ ਕਰਕੇ ਲਈ ਹੇਠਾਂ ਤੱਕ ਲਿਜਾਕੇ ਸੁਝਾਅ ਲੈਣ ਦਾ ਤਹਿ ਕੀਤਾ ਗਿਆ। ਮੀਟਿੰਗ ਵਿੱਚ ਗੁਰਦੀਪ ਸਿੰਘ ਰਾਮਪੁਰਾ, ਹਰੀਸ਼ ਕੰਬੋਜ ਨੱਢਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ ਆਦਿ ਆਗੂਆਂ ਨੇ ਅਪ੍ਰੈਲ ਮਹੀਨੇ ਤੋਂ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ।
Share the post "ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ 20 ਮਾਰਚ ਨੂੰ ਪਾਰਲੀਮੈਂਟ ਵੱਲ ਮਾਰਚ ’ਚ ਸਮੂਲੀਅਤ ਦਾ ਐਲਾਨ"