ਰਾਮ ਸਿੰਘ ਕਲਿਆਣ
ਬਠਿੰਡਾ, 4 ਮਾਰਚ : ਮਹਿੰਗੀ ਖੇਤੀ ਵਜੋਂ ਜਾਣੀ ਜਾਂਦੀ ਆਲੂਆਂ ਦੀ ਫਸਲ ’ਤੇ ਪੱਕਣ ਸਮੇਂ ਪਈ ਕੋਹਰੇ ਦੀ ਮਾਰ ਆਲੂ ਉਤਪਾਦਕ ਕਿਸਾਨਾਂ ਲਈ ਦੋਹਰੀ ਮੁਸੀਬਤ ਬਣ ਗਏ ਹਨ। ਕੋਹਰੇ ਕਾਰਨ ਜਿੱਥੇ ਇਸ ਵਾਰ ਆਲੂਆਂ ਦਾ ਸਾਇਜ ਬਹੁਤ ਛੋਟਾ ਰਹਿ ਗਿਆ ਹੈ, ਉਥੇ ਕੋਈ ਖਰੀਦਦਾਰ ਵੀ ਨਹੀ ਮਿਲ ਰਿਹਾ ਅਤੇ ਵਪਾਰੀ ਰੇਟ ਵੀ ਬਹੁਤ ਘੱਟ ਬਹੁਤ ਲਗਾ ਰਹੇ ਹਨ। ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਦੇ ਆਲੂ ਉਤਪਾਦਕ ਬਲਵਿੰਦਰ ਸਿੰਘ ਕਾਲਾ, ਹਰਭਜਨ ਸਿੰਘ ਤੇ ਗੁਰਨੈਬ ਸਿੰਘ ਸਿੱਧੂ ਨੇ ਦੱਸਿਆ ਕਿ ਜਦ ਫਸਲ ਪੱਕਣ ’ਤੇ ਸੀ ਤਾਂ ਭਾਰੀ ਠੰਢ ਦੇ ਚੱਲਦੇ ਪਏ ਕੋਹਰੇ ਕਾਰਨ ਆਲੂਆਂ ਦੀ ਫ਼ਸਲ ਦੇ ਪੱਤੇ ਸੁੱਕ ਗਏ ਸਨ, ਜਿਸ ਕਰਕੇ ਦੀ ਆਲੂਆਂ ਦਾ ਵਿਕਾਸ ਅਧੂਰਾ ਰਹਿ ਗਿਆ ਅਤੇ ਹੁਣ ਜਦ ਫ਼ਸਲ ਪੱਟੀ ਜਾ ਰਹੀ ਹੈ ਤਾਂ ਆਲੂਆਂ ਦਾ ਸਾਇਜ਼ ਬਹੁਤ ਛੋਟਾ ਨਿਕਲ ਰਿਹਾ ਹੈ। ਉਨ੍ਹਾਂ ਦਸਿਆ ਕਿ ਆਲੂਆਂ ਦੀ ਇਹ ਹਾਲਤ ਦੇਖ ਕੇ ਕੋਈ ਵੀ ਵਪਾਰੀ ਖਰੀਦਣ ਲਈ ਤਿਆਰ ਨਹੀਂ।ਕਿਸਾਨਾਂ ਨੈ ਅੱਗੇ ਦੱਸਿਆ ਕਿ ਪਿਛਲੇ ਸਾਲ 350 ਗੱਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਜ ਹੋਈ ਸੀ , ਪਰ ਇਸ ਵਾਰ ਸਿਰਫ਼ 200 ਗੱਟਾ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਜਦੋਂਕਿ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਆਲੂਆ ਦੀ ਕੀਮਤ ਕਰੀਬ 600 ਰੁਪਏ ਪ੍ਰਤੀ ਗੱਟਾ (50 ਕਿਲੋਗ੍ਰਾਮ)ਸੀ ਅਤੇ ਇਸ ਵਾਰ ਆਲੂ ਦੀ ਡਾਇਮੰਡ ਕਿਸਮ ਦਾ ਰੇਟ ਕਰੀਬ 255 ਰੁਪਏ , ਕੁਫ਼ਰੀ ਤੇ ਹੋਰ ਕਿਸਮਾਂ ਦੀ ਕੀਮਤ ਸਿਰਫ 200 ਰੁਪਏ ਪ੍ਰਤੀ ਗੱਟਾ ਹੈ। ਆਲੂ ਉਤਪਾਦਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਉਸ ਨੇ 5 ਏਕੜ ਆਲੂ ਕਾਸ਼ਤ ਕੀਤੇ ਹਨ ਤੇ ਹੁਣ ਮੰਦੀ ਦੇ ਦੌਰ ਵਿੱਚ ਉਹ ਆਪਣੇ ਪੱਲਿਓਂ 32 ਰੁਪਏ ਦਾ ਗੱਟਾ ਅਤੇ 36 ਰੁਪਏ ਪ੍ਰਤੀ ਗੱਟਾ ਲੇਬਰ ਖਰਚ ਕਰਕੇ ਆਲੂਆਂ ਨੂੰ ਸਟੋਰ ਕਰਨ ਲਈ ਮਜਬੂਰ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਅੰਗਰੇਜ਼ ਸਿੰਘ ਕਲਿਆਣ, ਜਵਾਹਰ ਸਿੰਘ ਡੀਸੀ, ਰਾਜਵਿੰਦਰ ਸਿੰਘ ਰਾਜਾ ਗੁਰਲਾਲ ਸਿੰਘ ਲਾਲੀ ਤੇ ਫਤਹਿ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਸੀਬਤ ਦੀ ਘੜੀ ਵਿੱਚ ਸਰਕਾਰ ਵੱਲੋ ਆਲੂ ਉਤਪਾਦਕਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਅਗਲੇ ਸਾਲ ਵੀ ਕਿਸਾਨ ਆਲੂਆਂ ਦੀ ਕਾਸ਼ਤ ਕਰਨ ਲਈ ਉਤਸ਼ਾਹਤ ਹੋ ਸਕਣ।
ਆਲੂਆਂ ਨੂੰ ਕੋਹਰੇ ਦੀ ਮਾਰ, ਨਾਂ ਝਾੜ ਤੇ ਨਾ ਹੀ ਮਿਲ ਰਿਹਾ ਹੈ ਕੋਈ ਖਰੀਦਦਾਰ
192 Views