ਕੇਂਦਰੀ ਯੂਨੀਵਰਸਿਟੀ ’ਚ ਐਮ.ਪੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਸਵਾਗਤ
ਮਨੀਪੁਰ ਦੇ ਵਿਦਿਆਰਥੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ
ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ : ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਪਹਿਲਕਦਮੀ ’ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ’ਯੁਵਾ ਸੰਗਮ – ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਅਤੇ ਐਕਸਪੋਜ਼ਰ ਵਿਜ਼ਿਟ’ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਮਨੀਪੁਰ ਤੋਂ ਪੰਜਾਬ ਦੇ ਐਕਸਪੋਜ਼ਰ ਦੌਰੇ ਲਈ ਆਏ 30 ਵਿਦਿਆਰਥੀਆਂ ਅਤੇ ਤਿੰਨ ਫੈਕਲਟੀ ਮੈਂਬਰਾਂ ਦਾ ਗਰੁੱਪ ਬਠਿੰੰਡਾ ਦੀ ਕੇਂਦਰੀ ਯੂਨੀਵਰਸਿਟੀ ਵਿਖੇ ਪੁੱਜਿਆ, ਜਿੱਥੇ ਯੂਨੀਵਰਸਿਟੀ ਦੇ ਉਪ ਕੁਲਪਤੀ ਸਹਿਤ ਐਮ.ਪੀ ਹਰਸਿਮਰਤ ਕੌਰ ਬਾਦਲ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰੱਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮਨੀਪੁਰੀ ਨੌਜਵਾਨਾਂ ਨੂੰ ਸਿੱਖੀ ਇਤਿਹਾਸ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਨੇ ਮਨੁੱਖਤਾ ਨੂੰ ਉੱਚੇ ਪੱਧਰ ’ਤੇ ਲੈ ਜਾਣ ਲਈ ਮਾਰਗ ਦਰਸ਼ਨ ਪ੍ਰਦਾਨ ਕੀਤਾ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਯੁਵਾ ਸੰਗਮ ਟੂਰ ਪ੍ਰੋਗਰਾਮ ਮਨੀਪੁਰ ਦੇ ਨੌਜਵਾਨਾਂ ਨੂੰ ਪੰਜਾਬੀਆਂ ਦੇ ਸੱਭਿਆਚਾਰ, ਇਤਿਹਾਸ ਅਤੇ ਪ੍ਰਾਪਤੀਆਂ ਨੂੰ ਜਾਨਾਂ ਦਾ ਮੌਕਾ ਦਿੰਦਾ ਹੈ। ਉਹਨਾਂ ਨੇ ਮਨੀਪੁਰ ਦੇ ਵਿਦਿਆਰਥੀਆਂ ਨੂੰ ਆਪਣੇ ਦੌਰੇ ਦੌਰਾਨ ਪੰਜਾਬ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਜਾਣੂ ਹੋਣ ਲਈ ਪ੍ਰੇਰਿਤ ਕੀਤਾ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ ਕਿ ਯੁਵਾ ਸੰਗਮ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਉੱਤਰ ਪੂਰਬੀ ਰਾਜਾਂ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਹਿਲ ਹੈ। ਇਹ ਦੌਰਾ ਮਨੀਪੁਰ ਦੇ ਨੌਜਵਾਨਾਂ ਨੂੰ ਪੰਜਾਬ ਰਾਜ ਦੇ ਅਮੀਰ ਵਿਰਸੇ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ। ਸਮਾਰੋਹ ਦੇ ਅੰਤ ਵਿੱਚ, ਪ੍ਰੀਖਿਆ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਡਾ. ਬੀ.ਪੀ. ਗਰਗ ਨੇ ਸਭ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।ਆਪਣੇ ਪੰਜ ਦਿਨਾਂ ਦੌਰੇ ਦੇ ਪਹਿਲੇ ਦਿਨ ਮਨੀਪੁਰ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਨੂੰ ਇਸ ਪਵਿੱਤਰ ਧਰਤੀ ਦੇ ਇਤਿਹਾਸਕ ਪੱਖ ਤੋਂ ਜਾਣੂ ਕਰਵਾਇਆ ਗਿਆ। ਸਾਮ ਨੂੰ ਮਨੀਪੁਰ ਦੇ ਵਿਦਿਆਰਥੀਆਂ ਨੇ ਆਪਣੇ ਸਥਾਨਕ ਵਿਦਿਆਰਥੀ ਦੋਸਤਾਂ ਨਾਲ ਗੱਲਬਾਤ ਕੀਤੀ, ਨੇੜਲੇ ਪਿੰਡਾਂ ਦੇ ਘਰਾਂ ਦਾ ਦੌਰਾ ਕੀਤਾ ਅਤੇ ਬਾਅਦ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਪੰਜਾਬ ਦੇ ਲੋਕ ਗੀਤਾਂ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਆਏ ਹੋਏ ਵਿਦਿਆਰਥੀਆਂ ਨੇ ਮਨੀਪੁਰ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਣ ਲਈ ਵੀ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ।
Share the post "‘ਯੁਵਾ ਸੰਗਮ’ ਪ੍ਰੋਗਰਾਮ ਅਧੀਨ ਮਨੀਪੁਰ ਤੋਂ ਨੌਜਵਾਨਾਂ ਦਾ ਜਥਾ ਪੰਜਾਬ ਦੌਰੇ ’ਤੇ ਪੁੱਜਿਆ"