ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ: ਮਾਸਟਰ ਕੇਡਰ ਵਿਚ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਦੀ ਅੱਜ ਇੱਕ ਜਿਲ੍ਹਾ ਪੱਧਰੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ। ਮੀਟਿੰਗ ਵਿਚ ਕਿਹਾ ਗਿਆ ਕਿ 5 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸਨ। ਪਰ ਹੁਣ ਤੱਕ ਇਹਨਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ। ਇਸੇ ਮੰਗ ਨੂੰ ਲੈਕੇ 18 ਫਰਵਰੀ ਨੂੰ 4161 ਮਾਸਟਰ ਕੇਡਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਦੌਰਾਨ ਪੁਲਿਸ ਵੱਲੋਂ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਗਿਆ ਅਤੇ ਇਸ ਦੌਰਾਨ ਅਧਿਆਪਕਾਂ ਦੀਆਂ ਪੱਗਾਂ ਤੱਕ ਉੱਤਰ ਗਈਆਂ ਸਨ। ਜਿਲ੍ਹਾ ਪ੍ਰਧਾਨ ਬੀਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਸਿਰਫ਼ ਇਹ ਹੀ ਹੈ ਕਿ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਨੂੰ ਹਾਲੇ ਤੱਕ ਸਕੂਲਾਂ ਵਿਚ ਨਹੀਂ ਭੇਜਿਆ ਜਾ ਰਿਹਾ, ਜਿਸ ਕਾਰਨ ਉਹ ਬਹੁਤ ਹੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਦੀ ਲੰਘ ਰਹੇ ਹਨ। ਕਿਉਂ ਕਿ ਉਹ ਆਪਣੀਆਂ ਪ੍ਰਾਈਵੇਟ ਨੌਕਰੀਆਂ ਵੀ ਛੱਡ ਚੁੱਕੇ ਹਨ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਸਕੂਲਾਂ ਵਿਚ ਨਾ ਭੇਜਿਆ ਗਿਆ ਤਾਂ ਉਹ ਮੁੜ 11 ਫ਼ਰਵਰੀ ਨੂੰ ਵੱਡੀ ਪੱਧਰ ਸੰਘਰਸ਼ ਕਰਨਗੇ। ਇਸ ਮੌਕੇ ਤੇ ਸੂਬਾ ਆਗੂ,ਹਰਦੀਪ ਸਿੰਘ, ਬੀਰਬਲ ਸਿੰਘ ,ਸੰਦੀਪ ਸਿੰਘ, ਗੁਰਮੀਤ ਸਿੰਘ,ਗੁਰਦੀਪ ਕੌਰ, ਸਿਮਰਨਜੀਤ ਅਟਵਾਲ, ਸ਼ਰਦਜੀਤ ਸਿੰਘ, ਬਲਵਿੰਦਰ ਸਿੰਘ ਰਾਜਪਾਲ ਸਿੰਘ, ਆਦਿ ਅਧਿਆਪਕ ਹਾਜਿਰ ਸਨ।
Share the post "4161 ਮਾਸਟਰ ਕੇਡਰ ਅਧਿਆਪਕਾਂ ਨੂੰ ਸਕੂਲਾਂ ਵਿਚ ਨਾ ਭੇਜਣ ਦੇ ਰੋਸ਼ ਵਜੋਂ 11 ਨੂੰ ਹੋਵੇਗਾ ਸੰਗਰੂਰ ਰੋਸ ਪ੍ਰਦਰਸ਼ਨ"