ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ : ਆਉਣ ਵਾਲੀ 12 ਮਾਰਚ ਨੂੰ ਪੀ.ਟੈੱਟ. ਦੀ ਪ੍ਰੀਖਿਆ ਦੇਣ ਜਾ ਰਹੇ ਸਿੱਖਿਆਰਥੀ ਅਧਿਆਪਕਾਂ ਨੂੰ ਤਿਆਰੀ ਕਰਵਾਉਣ ਦਾ ਉਪਰਾਲਾ ਕਰਦੇ ਹੋਏ ‘ਟੀਚਰਜ਼ ਹੋਮ ਟਰੱਸਟ ਬਠਿੰਡਾ’ ਵਲੋਂ ਸਥਾਨਕ ਟੀਚਰ ਹੋਮ ਵਿਖੇ ਇਕ ਮੁਫਤ ਮੈਰਾਥਨ ਕਲਾਸ ਲਗਾ ਕੇ ਲਗਭਗ ਅੱਠ ਘੰਟਿਆਂ ਤੱਕ ਸਿੱਖਿਆਰਥੀਆਂ ਨੂੰ ਮਹਿਰਾਂ ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਦੌਰਾਨ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦਲਜੀਤ ਸਿੰਘ ਚੁੱਘੇ ਕਲਾਂ ਵਲੋਂ ਸਿੱਖਿਆਰਥੀ ਅਧਿਆਪਕਾਂ ਨੂੰ ਮਨੋਵਿਗਿਆਨ ਅਤੇ ਪੈਡਾਗੋਜੀ ਵਿਸ਼ੇ ਦੀ ਬਾਰੀਕੀ ਨਾਲ ਭਰਪੂਰ ਤਿਆਰੀ ਕਰਵਾਈ ਗਈ ਅਤੇ ਉਪਰੰਤ ਅਧਿਆਪਕਾਂ ਨੂੰ ਉਕਤ ਵਿਸ਼ਿਆਂ ਨਾਲ ਸਬੰਧਤ ਸਮੱਗਰੀ ਦੀ ਮੁਫਤ ਵਿਚ ਸਾਫਟ ਕਾਪੀ ਵੀ ਮੁਹੱਈਆ ਕਰਵਾਈ ਗਈ।ਇਸ ਮੌਕੇ ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਸਿੰਘ ਮਲੂਕਾ ਨੇ ਇਸ ਮੁਫਤ ਕਲਾਸ ਦੌਰਾਨ ਜਾਣਕਾਰੀ ਦੇਣ ਵਾਲੇ ਮਾਹਿਰਾਂ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਟੀਚਰਜ਼ ਹੋਮ ਟਰੱਸਟ ਇਸੇ ਤਰ੍ਹਾਂ ਅਧਿਆਪਕਾਂ ਨੂੰ ਤਰਾਸ਼ਣ ਲਈ ਭਵਿੱਖ ‘ਚ ਵੀ ਅਜਿਹੀਆਂ ਪ੍ਰੀਖਿਆਂ ਦੌਰਾਨ ਅਜਿਹੀਆਂ ਮੁਫਤ ਕਲਾਸਾਂ ਦਾ ਪ੍ਰਬੰਧ ਕਰਦਾ ਰਹੇਗਾ। ਉਨ੍ਹਾਂ ਸਿੱਖਿਆਰਥੀ ਅਧਿਆਪਕਾਂ ਨੂੰ ਪੀ. ਟੈੱਟ. ਦੀ ਪ੍ਰੀਖਿਆ ਪਾਸ ਕਰਨ ਉਪਰੰਤ ਇਕ ਯੋਗ ਅਧਿਆਪਕ ਬਣ ਕੇ ਸਮਾਜ ਦੀ ਬੇਹਤਰੀ ਲਈ ਕਾਰਜ ਕਰਨ ਦਾ ਸੰਦੇਸ਼ ਦਿੱਤਾ। ਜਦਕਿ ਟਰੱਸਟ ਦੇ ਸੀਨੀਅਰ ਆਗੂ ਬੀਰਬਲ ਦਾਸ ਸਿੱਖਿਆਰਥੀ ਅਧਿਆਪਕਾਂ ਨੂੰ ਅਸ਼ੀਰਵਾਦ ਦੇਣ ਲਈ ਕਲਾਸ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਅਧਿਆਪਕ ਆਗੂ ਦਰਸ਼ਨ ਸਿੰਘ ਮੌੜ, ਪ੍ਰਕਾਸ਼ ਚੰਦ, ਖਰੁਸ਼ਚੇਵ ਸ਼ਰਮਾ ਆਦਿ ਮੌਜੂਦ ਸਨ।
Share the post "ਪੀ.ਟੈੱਟ. ਦੀ ਪ੍ਰੀਖਿਆ ਦੇਣ ਵਾਲੇ ਸਿੱਖਿਆਰਥੀ ਅਧਿਆਪਕਾਂ ਲਈ ਮੁਫਤ ਮੈਰਾਥਨ ਕਲਾਸ ਲਗਾਈ"