ਮੇਅਰ ਲਈ ਨਵੀਂ ਗੱਡੀ ਖ਼ਰੀਦਣ ਦੇ ਮਤੇ ਨੂੰ ਕੋਂਸਲਰਾਂ ਨੇ ਲਗਾਈਆਂ ਬਰੇਕਾਂ, ਨਿਗਮ ਦੀ ਨਵੀਂ ਇਮਾਰਤ ਬਣਾਉਣ ਨੂੰ ਮੰਨਜੂਰੀ
ਸਬ ਕਮੇਟੀਆਂ ਨੂੰ ਲੈ ਕੇ ਵੀ ਉੱਠਿਆ ਵਿਵਾਦ, ਸਾਢੇ ਚਾਰ ਘੰਟੇ ਚੱਲੀ ਮੀਟਿੰਗ, ਕੁੱਲ 53 ਮਤਿਆਂ ਵਿਚੋਂ 49 ਹੋਏ ਪਾਸ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਕਰੀਬ ਪੌਣੇ 6 ਮਹੀਨਿਆਂ ਬਾਅਦ ਅੱਜ ਸਥਾਨਕ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਉਮੀਦ ਮੁਤਾਬਕ ਹੰਗਾਮਿਆਂ ਭਰਪੂਰ ਰਹੀ। ਮੀਟਿੰਗ ਦੌਰਾਨ ਕਾਰਪੋਰੇਸ਼ਨ ਦੇ ਮੌਜੂਦਾ ਪੁਰਾਣੇ ਦਫ਼ਤਰ ਨੂੰ ਵੇਚ ਕੇ ਸਿਵਲ ਲਾਈਨ ਖੇਤਰ ਵਿਚ ਨਵਾਂ ਦਫ਼ਤਰ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਨਾਲ-ਨਾਲ ਬੈਠੇ ਮੇਅਰ ਰਮਨ ਗੋਇਲ ਤੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਵੀ ਆਪਸ ’ਚ ਖ਼ਹਿਬੜ ਪਏ। ਮੀਟਿੰਗ ਦੀ ਸ਼ੁਰੂਆਤ ਵਿਚ ਹੀ ਕਾਂਗਰਸੀ ਕੋਂਸਲਰ ਜਸਵੀਰ ਸਿੰਘ ਜੱਸਾ ਵਲੋਂ ਸਬ ਕਮੇਟੀਆਂ ਨੂੰ ਲੈ ਕੇ ਚੁੱਕੇ ਮੁੱਦੇ ਦੌਰਾਨ ਹੀ ਹੰਗਾਮਾ ਸ਼ੁਰੂ ਹੋ ਗਿਆ ਤੇ ਇੰਨ੍ਹਾਂ ਕਮੇਟੀਆਂ ਨੂੰ ਭੰਗ ਕਰਨ ਨੂੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਵਿਖਾਈ ਦਿੱਤੀ। ਦੂਜੇ ਪਾਸੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਵਿਚੋਂ ਬਰਖਾਸਤ ਕੀਤੀ ਮੇਅਰ ਰਮਨ ਗੋਇਲ ਲਈ ਖਰੀਦੀ ਜਾਣ ਵਾਲੀ ਨਵੀਂ ਇਨੋਵਾ ਗੱਡੀ ਦੇ ਮਤੇ ਨੂੰ ਕਾਂਗਰਸੀ ਕੋਂਸਲਰਾਂ ਨੇ ਬਰੇਕਾਂ ਲਗਾ ਦਿੱਤੀਆਂ। ਕਾਫ਼ੀ ਹੰਗਾਮੇ ਦੇ ਬਾਅਦ ਇਸ ਮਤੇ ਨੂੂੰ ਰੱਦ ਕਰਨ ਪਿਆ, ਹਾਲਾਂਕਿ ਨਿਗਮ ਅਫ਼ਸਰਾਂ ਲਈ ਦੋ ਨਵੀਂਆਂ ਗੱਡੀਆਂ ਖ਼ਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਕਰੀਬ ਸਾਢੇ ਚਾਰ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਕਈ ਵਾਰ ਹੰਗਾਮੇ ਹੋਏ। ਇੰਨ੍ਹਾਂ ਹੰਗਾਮਿਆਂ ਦੌਰਾਨ ਹੀ ਰੱਖੇ ਕੁੱਲ 53 ਮਤਿਆਂ ਵਿਚੋਂ 49 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਥੋੜੇ ਸਮੇਂ ਲਈ ਪੁੱਜੇ। ਉਨ੍ਹਾਂ ਅਪਣੇ ਸੰਖੇਪ ਭਾਸਣ ਵਿਚ ਸ਼ਹਿਰ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਸਰਕਾਰ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਹਾਲਾਂਕਿ ਇਸ ਮੌਕੇ ਕਿਸੇ ਮੁੱਦੇ ਨੂੰ ਲੈ ਕੇ ਮਨਪ੍ਰੀਤ ਧੜੇ ਦੇ ਮੰਨੇ ਜਾਂਦੇ ਕੋਂਸਲਰ ਸੰਦੀਪ ਬੌਬੀ, ਇੰਦਰ ਅਤੇ ਸੁਖਰਾਜ ਔਲਖ ਨੇ ਹੰਗਾਮਾ ਸ਼ੁਰੁੂ ਕਰ ਦਿੱਤਾ। ਇਸਤੋਂ ਇਲਾਵਾ ਉਕਤ ਕੋਂਸਲਰਾਂ ਵਲੋਂ ਭੱਟੀ ਰੋਡ ’ਤੇ ਅਧੂਰੇ ਪਏ ਸੜਕ ਦੇ ਟੋਟੇ ਨੂੰ ਬਣਾਉਣ ਲਈ ਵਿਧਾਇਕ ਗਿੱਲ ਦੇ ਨਜਦੀਕੀ ਰਿਸ਼ਤੇਦਾਰਾਂ ਤੋਂ ਜਮੀਨ ਐਕਵਾਈਰ ਕਰਨ ਦੇ ਮੁੱਦੇ ਦਾ ਵੀ ਸਖ਼ਤ ਵਿਰੋਧ ਕੀਤਾ, ਜਿਸ ਕਾਰਨ ਇਹ ਮੁੱਦਾ ਵੀ ਪੈਡਿੰਗ ਰੱਖਣਾ ਪਿਆ। ਮੀਟਿੰਗ ਦੌਰਾਨ ਜਦ ਮੇਅਰ ਲਈ ਨਵੀਂ ਗੱਡੀ ਖ਼ਰੀਦਣ ਦਾ ਮਤਾ ਆਇਆ ਤਾਂ ਉਸ ਤੋਂ ਪਹਿਲਾਂ ਹੀ ਕੁੱਝ ਸਮੇਂ ਲਈ ਮੇਅਰ ਰਮਨ ਗੋਇਲ ਮੀਟਿੰਗ ਵਿਚੋਂ ਉੱਠ ਕੇ ਚਲੇ ਗਏ। ਕਾਂਗਰਸੀ ਕੋਂਸਲਰ ਮਲਕੀਤ ਗਿੱਲ, ਬਲਜਿੰਦਰ ਠੇਕੇਦਾਰ, ਬਲਰਾਜ ਪੱਕਾ, ਜਸਵੀਰ ਸਿੰਘ ਜੱਸਾ, ਕਮਲੇਸ਼ ਰਾਣੀ ਅਤੇ ਹੋਰਨਾਂ ਨੇ ਕਮਿਸ਼ਨਰ ਦੇ ਸਾਹਮਣੇ ਆ ਕੇ ਇਸ ਮਤੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਜਦ ਮੇਅਰ ਸ਼ਹਿਰ ਦੇ ਵਿਕਾਸ ਲਈ ਕੁੱਝ ਨਹੀਂ ਕਰ ਰਹੇ ਤੇ ਨਾਂ ਹੀ ਸ਼ਹਿਰ ਦਾ ਦੌਰਾ ਕਰਦੇ ਹਨ ਅਤੇ ਨਾਂ ਹੀ ਕੋਂਸਲਰਾਂ ਨੂੰ ਮਿਲਦੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਨਵੀਂ ਗੱਡੀ ਖ਼ਰੀਦ ਕੇ ਦੇਣ ਦੀ ਕੋਈ ਜਰੂਰਤ ਨਹੀਂ ਹੈ। ਦੂਜੇ ਪਾਸੇ ਭਾਜਪਾ ਆਗੂ ਮਨਪ੍ਰੀਤ ਬਾਦਲ ਹਿਮਾਇਤੀਆਂ ਨੇ ਗੱਡੀ ਖਰੀਦਣ ’ਤੇ ਜੋਰ ਦਿੱਤਾ। ਇਸ ਦੌਰਾਨ ਹੋਏ ਹੰਗਾਮੇ ਨੂੰ ਦੇਖਦਿਆਂ ਕਮਿਸ਼ਨਰ ਵਲੋਂ ਹੱਥ ਖੜੇ ਕਰਵਾਕੇ ਵੋਟਿੰਗ ਕਰਵਾਈ ਗਈ, ਜਿਸਤੋਂ ਬਾਅਦ ਮਤੇ ਨੂੰ ਰੱਦ ਕਰ ਦਿੱਤਾ ਗਿਆ। ਇਸਤੋਂ ਇਲਾਵਾ ਕਾਂਗਰਸੀ ਕੋਂਸਲਰ ਮਲਕੀਤ ਗਿੱਲ ਵਲੋਂ ਰੋਜ਼ ਗਾਰਡਨ ’ਚ ਗਾਇਬ ਹੋਏ ਨਿਗਮ ਦੇ ਮੈਸੀ ਟਰੈਕਟਰ ਅਤੇ ਮੋਟਰਸਾਈਕਲ ਦਾ ਮੁੱਦਾ ਚੁੱਕਦਿਆਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ। ਕਮਿਸ਼ਨਰ ਨੇ ਅਗਲੀ ਮੀਟਿੰਗ ਤੱਕ ਇਸਦੀ ਜਾਂਚ ਪੜਤਾਲ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਪ੍ਰਵੀਨ ਗਰਗ ਨੇ ਸ਼ਾਮਲਾਟ ਜਮੀਨਾਂ ਅਤੇ ਕਿਰਾਏਦਾਰਾਂ ਨੂੰ ਮਾਲਕੀ ਦੇ ਹੱਕ ਦੇਣ ਦਾ ਮੁੱਦਾ ਚੁੱਕਿਆ। ਹਾਲਾਂਕਿ ਉਨ੍ਹਾਂ ਦੀ ਹਿਮਾਇਤ ਵਿਚ ਕਈ ਕੋਂਸਲਰ ਆਏ ਪ੍ਰੰਤੂ ਕਮਿਸ਼ਨਰ ਵਲੋਂ ਕੁੱਝ ਨੁਕਤੇ ਸਾਹਮਣੇ ਰੱਖਦਿਆਂ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿਚ ਸੁੱਟ ਦਿੱਤੀ ਗਈ। ਇਸੇ ਤਰ੍ਹਾਂ ਰਜਿੰਦਰਾ ਕਾਲਜ਼ ਦੇ ਨਜਦੀਕ ਟਿੱਪਰ ਸਟੈਂਡ ਦੀ ਥਾਂ ’ਤੇ ਪੈਟਰੋਲ ਪੰਪ ਲਗਾਉਣ ਦਾ ਵੀ ਕੋਂਸਲਰਾਂ ਵਲੋਂ ਵਿਰੋਧ ਕੀਤਾ ਗਿਆ, ਜਿਸ ਕਾਰਨ ਇਸਦੇ ਹੱਕ ਵਿਚ ਦਿਖ਼ਾਈ ਦੇ ਰਹੇ ਕਮਿਸ਼ਨਰ ਨੂੰ ਮਜਬੂਰਨ ਕੋਂਸਲਰਾਂ ਦੀ ਕਮੇਟੀ ਬਣਾਉਣੀ ਪਈ। ਮੀਟਿੰਗ ਦੌਰਾਨ ਨਗਰ ਸੁਧਾਰ ਟਰੱਸਟ ਨਾਲ ਬਲਿਊ ਫ਼ਾਕਸ ਵਾਲੀ ਜਮੀਨ ਨੂੰ ਸਾਂਝੇ ਤੌਰ ’ਤੇ ਵੇਚਣ ਨੂੰ ਵੀ ਸਹਿਮਤੀ ਦਿੱਤੀ ਗਈ। ਇੱਕ ਹੋਰ ਮਤੇ ਰਾਹੀਂ ਸ਼ਹਿਰ ਵਿਚ ਬਣੀਆਂ ਕਲੌਨੀਆਂ ਵਿਚ ਲੱਗੇ ਗੇਟਾਂ ਨੂੰ ਮੁੜ ਰਾਤ ਸਮੇਂ ਜਿੰਦਰੇ ਲਗਾਉਣ ਦਾ ਰਾਹ ਪੱਧਰ ਕਰ ਦਿੱਤਾ ਗਿਆ। ਹਾਲਾਂਕਿ ਇਸਦੇ ਲਈ ਸਖ਼ਤ ਸਰਤਾਂ ਰੱਖੀਆਂ ਗਈਆਂ ਹਨ। ਇਸੇ ਤਰ੍ਹਾਂ ਨਿਗਮ ਦੇ ਵਧਦੇ ਕੰਮ ਨੂੰ ਦੇਖਦਿਆਂ ਪੰਜਾਬ ਪੁਲਿਸ ਕੋਲ ਅੱਠ ਹੋਰ ਪੁਲਿਸ ਮੁਲਾਜਮਾਂ ਨੂੰ ਡੈਪੂਟੇਸ਼ਨ ਲੈਣ ਦਾ ਫੈਸਲਾ ਕੀਤਾ ਗਿਆ, ਜਦੋਂਕਿ ਮੌਜੂਦਾ ਸਮੇਂ ਵੀ ਨਿਗਮ ਕੋਲ ਇੱਕ ਥਾਣੇਦਾਰ ਸਹਿਤ ਅੱਠ ਪੁਲਿਸ ਮੁਲਾਜਮ ਉਪਲਬਧ ਹਨ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜ਼ਾਂ ਲਈ ਵੀ ਪਿਟਾਰਾ ਖੋਲਦਿਆਂ 44 ਕਰੋੜ ਦੀ ਲਾਗਤ ਨਾਲ 200 ਦੇ ਕਰੀਬ ਪ੍ਰੋਜੈਕਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਸਰਹਿੰਦ ਨਹਿਰ ਦੇ ਨਾਲ ਬਣ ਰਹੇ ਸਾਈਕਿਲੰਗ ਟਰੈਕ ਵਿਚ ਰੋਸ਼ਨੀ ਦਾ ਪ੍ਰਬੰਧ ਕਰਨ ਦਾ ਵੀ ਫੈਸਲਾ ਲਿਆ ਗਿਆ।
Share the post "6 ਮਹੀਨਿਆਂ ਬਾਅਦ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਰਹੀ ਹੰਗਾਮਿਆਂ ਭਰਪੂਰ"