ਮਾਮਲਾ ਯੂ.ਜੀ.ਸੀ ਸਕੇਲ ਨਾ ਦੇਣ ਦਾ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪਿਛਲੇ ਕਈ ਦਿਨਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਗਿਆਨੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਯੂ.ਜੀ.ਸੀ ਸਕੇਲ ਨਾ ਦੇਣ ਦੇ ਵਿਰੁਧ ਸ਼ੁਰੂ ਕੀਤਾ ਸੰਘਰਸ਼ ਅੱਜ ਕਿਸਾਨ ਮੇਲੇ ’ਚ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਮੇਲੇ ਵਿਚ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਅਧਿਆਪਕਾਂ ਨੇ ਅਪਣੀਆਂ ਡਿਊਟੀਆਂ ਨਿਭਾਈਆਂ ਪ੍ਰੰਤੂ ਮੇਲਾ ਖ਼ਤਮ ਹੁੰਦੇ ਹੀ ਉਹ ਕੇਂਦਰ ਦੇ ਮੁੱਖ ਦਫ਼ਤਰ ਅੱਗੇ ਦਰੀਆਂ ਵਿਛਾ ਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਉਨ੍ਹਾਂ ਅਪਣੇ ਮੋਢਿਆਂ ’ਤੇ ਕਾਲੀਆਂ ਪੱਟੀਆਂ ਵੀ ਬੰਨੀਆਂ ਹੋਈਆਂ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐਚ. ਐਸ. ਕਿੰਗਰਾ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਪੂਰੀ ਦੁਨੀਆਂ ’ਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਗਿਆਨੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂ.ਜੀ.ਸੀ ਨਿਯਮਾਂ ਤਹਿਤ ਜਨਵਰੀ 2016 ਤੋਂ ਮਿਲਣ ਵਾਲਾ ਸਕੇਲ ਹਾਲੇ ਤੱਕ ਖੇਤੀਬਾੜੀ ਤੇ ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਨਹੀਂ ਦਿੱਤਾ ਗਿਆ ਜਦੋਂਕਿ ਇਹ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵਿਚ ਲਾਗੂ ਹੋ ਚੁੱਕਾ ਹੈ। ਜਿਸਦੇ ਚੱਲਦੇ ਵਿਗਿਆਨੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 6 ਫ਼ਰਵਰੀ ਤੋਂ ਪੜਾਈ, ਖੋਜ ਅਤੇ ਪਸਾਰ ਦੇ ਕੰਮ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸਦੇ ਚੱਲਦੇ ਜਿੱਥੇ ਬੱਚਿਆਂ ਦੀ ਪੜਾਈ ਉਪਰ ਅਸਰ ਪੈ ਰਿਹਾ ਹੈ, ਉਥੇ ਸਿੱਖਿਆ ਅਤੇ ਖੋਜ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਖੋਜ ਕੇਂਦਰ ਦੇ ਮਾਹਰ ਡਾ ਕਰਮਜੀਤ ਸਿੰਘ ਸੇਖੋ ਅਤੇ ਡਾ ਜੀ.ਐਸ.ਰੋਮਾਣਾ ਨੇ ਦਸਿਆ ਕਿ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਸਤੰਬਰ 2022 ਨੂੰ ’ਰਾਸ਼ਟਰੀ ਅਧਿਆਪਕ ਦਿਵਸ’ ਮੌਕੇ ਯੂਨੀਵਰਸਿਟੀ ਅਧਿਆਪਕਾਂ ਲਈ ਤਨਖਾਹ ਕਮਿਸ਼ਨ ਅਕਤੂਬਰ 2022 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਸੀ ਪਰੰਤੂ ਹਾਲੇ ਤੱਕ ਇਹ ਤਨਖਾਹ ਸਕੇਲ ਲਾਗੂ ਨਹੀ ਹੋਏ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇ।
Share the post "ਕਿਸਾਨ ਮੇਲੇ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ"