ਸੂਬਾ ਸਰਕਾਰ ਲੋਕਾਂ ਦੇ ਦਰਾਂ ਤੇ ਜਾ ਕੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਲੀ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਯਤਨਸ਼ੀਲ ਤੇ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼ ਨੇ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਦੀ ਲੜੀ ਤਹਿਤ ਪਿੰਡ ਗੁਰੂਸਰ ਮਹਿਰਾਜ ਵਿਖੇ ਲਗਾਏ ਗਏ ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੀਤਾ। ਕੈਂਪ ਦੌਰਾਨ ਸ੍ਰੀ ਓਮ ਪ੍ਰਕਾਸ਼ ਵੱਲੋਂ ਰਾਮਪੁਰਾ ਫੂਲ ਦੇ ਪਿੰਡ ਗੁਰੂਸਰ-ਮਹਿਰਾਜ ਵਿਖੇ ਮਹਿਰਾਜ ਗ੍ਰਾਮ ਪੰਚਾਇਤ ਕੋਠੇ ਮੱਲੂਆਣਾ, ਕੋਠੇ ਟੱਲਵਾਲੀ, ਕੋਠੇ ਮਹਾਂ ਸਿੰਘ, ਕੋਠੇ ਹਿੰਮਤਪੁਰਾ, ਮਹਿਰਾਜ ਖੁਰਦ ਅਤੇ ਕੋਠੇ ਰੱਥੜੀਆਂ ਦੇ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕਾਊਂਟਰ ਲਗਾ ਕੇ ਆਪੋ-ਆਪਣੇ ਵਿਭਾਗ ਨਾਲ ਸਬੰਧਤ ਲੋਕ ਭਲਾਈ ਸਕੀਮਾਂ ਬਾਰੇ ਵੀ ਆਮ ਲੋਕਾਂ ਨੂੰ ਜਾਗਰੂਕ ਕਰਵਾਉਣ ਦੇ ਨਾਲ-ਨਾਲ ਲੋੜਵੰਦ ਲੋਕਾਂ ਦੇ ਮੌਕੇ ਤੇ ਫਾਰਮ ਵੀ ਭਰੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤ ਸਰੋਵਰ ਸਕੀਮ ਤਹਿਤ ਬਣਾਏ ਜਾ ਰਹੇ ਛੱਪੜ ਦਾ ਮੌਕਾ ਦੇਖਿਆ ਅਤੇ ਕੰਮ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਆਮ ਲੋਕਾਂ ਵੱਲੋਂ 15 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਿੰਨ੍ਹਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਦੀਆਂ ਰਹਿੰਦੀਆਂ ਸਮੱਸਿਆਵਾਂ ਦਾ ਇੱਕ ਹਫ਼ਤੇ ਅੰਦਰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਉਨ੍ਹਾਂ ਦੇ ਨੁਮਾਇੰਦੇ ਤੇ ਸਬੰਧਤ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਮੋਹਤਬਰ ਤੇ ਪਿੰਡ ਵਾਸੀ ਆਦਿ ਹਾਜ਼ਰ ਸਨ।
‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਗੁਰੂਸਰ ਮਹਿਰਾਜ ਵਿਖੇ ਕੈਂਪ ਆਯੋਜਿਤ
8 Views