ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਮਾਰਚ : ਸਬ ਡਵੀਜ਼ਨ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ ਰਾਮਪੁਰਾ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਕੀਤੇ ਖੇਤੀ ਮੋਟਰ ਕੁਨੈਕਸ਼ਨਾਂ ਦੇ ਘਪਲੇ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਵੱਲੋਂ ਬਠਿੰਡਾ ਚੀਫ ਇੰਜਨੀਅਰ ਪੱਛਮੀ ਜੋਨ ਦੀ ਰਿਹਾਇਸ਼ ਅੱਗੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਜਰਨਲ ਸਕੱਤਰ ਬਲਦੇਵ ਸਿੰਘ ਚੌਕੇ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਲੱਗਭੱਗ ਬਾਰਾਂ ਤੇਰਾਂ ਸਾਲ ਪਹਿਲਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ਲਈ ਓ ਵਾਈ ਟੀ ਸਕੀਮ ਤਹਿਤ ਰਾਮਪੁਰਾ ਦੇ ਦਫ਼ਤਰ ਵਿਚ ਬਣਦੀ ਰਕਮ ਜਮਾਂ ਕਰਵਾਈ ਸੀ । ਬਿਜਲੀ ਬੋਰਡ ਦੇ ਦਫਤਰ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਦਾ ਸਮਾਨ ਦੇ ਕੇ ਕਿਸਾਨਾਂ ਦੇ ਖੇਤਾਂ ਵਿੱਚ ਖੇਤੀ ਮੋਟਰਾਂ ਚਾਲੂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਨੈਕਸ਼ਨਾਂ ਦੀਆਂ ਰਜਿਸਟਰੇਸ਼ਨ ਕਾਪੀਆਂ ਵੀ ਦਿੱਤੀਆਂ ਗਈਆਂ। ਹੁਣ ਜਦੋਂ ਮੋਟਰਾਂ ਦੇ ਟਰਾਂਸਫਾਰਮਰ ਚ ਨੁਕਸ ਪੈ ਗਿਆ ਤਾਂ ਕਿਸਾਨਾਂ ਨੇ ਦਫ਼ਤਰ ਜਾ ਕੇ ਦਰਖਾਸਤ ਦੇਣ ਉਪਰੰਤ ਟਰਾਂਸਫਾਰਮਰ ਬਦਲਣ ਦੀ ਮੰਗ ਕੀਤੀ ਤਾਂ ਉਹ ਹੈਰਾਨ ਰਹਿ ਗਏ ਜਦੋਂ ਸਬੰਧਤ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਰਿਕਾਰਡ ਵਿੱਚ ਤਾਂ ਤੁਹਾਡਾ ਕੋਈ ਕਨੈਕਸ਼ਨ ਚੱਲਦਾ ਹੀ ਨਹੀਂ । ਬਾਅਦ ਵਿਚ ਪਤਾ ਚੱਲਿਆ ਹੈ ਕਿ ਅਜਿਹੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਖੇਤੀ ਮੋਟਰਾ ਦੇ ਕੁਨੈਕਸ਼ਨ ਚਲਦੇ ਹਨ ਪਰ ਰਿਕਾਰਡ ਵਿੱਚ ਦਰਜ ਨਹੀਂ । ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਲੱਗਭੱਗ ਦੋ ਮਹੀਨਿਆਂ ਤੋਂ ਰਾਮਪੁਰਾ ਦੇ ਬਿਜਲੀ ਦਫਤਰ ਅੱਗੇ ਸੰਘਰਸ਼ ਚੱਲ ਰਿਹਾ ਹੈ। 22 ਮਾਰਚ ਨੂੰ ਐਸਡੀਐਮ ਫੂਲ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਫ਼ਤੇ ਦੇ ਵਿੱਚ ਸੜੇ ਹੋਏ ਟਰਾਂਸਫਾਰਮਰ ਬਦਲ ਦਿੱਤੇ ਜਾਣਗੇ ਪਰ ਅੱਜ ਤੱਕ ਵੀ ਕਿਸਾਨਾਂ ਦੀ ਮੰਗ ਪੂਰੇ ਨਾ ਕੀਤੇ ਜਾਣ ਕਾਰਨ ਅੱਜ ਚੀਫ ਇੰਜਨੀਅਰ ਬਠਿੰਡਾ ਦੀ ਰਿਹਾਇਸ਼ ਬਠਿੰਡਾ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।ਧਰਨੇ ਚ ਪਹੁੰਚੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਕੱਲ੍ਹ ਤੋਂ ਇਹ ਘਿਰਾਓ ਜ਼ਿਲ੍ਹੇ ਵੱਲੋਂ ਚਲਾਇਆ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਇਕੱਠ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜੇ ਟਰਾਂਸਫਾਰਮਰ ਬਦਲਾਉਣ ਖੇਤੀ ਕਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਇਸ ਧੋਖਾਧੜੀ ਕਰਨ ਵਿੱਚ ਸ਼ਾਮਿਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਇਕੱਠ ਨੂੰ ਬੂਟਾ ਸਿੰਘ ਬੱਲੋ, ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਅਤੇ ਜੀਤੀ ਰਾਮਨਗਰ ਨੇ ਵੀ ਸੰਬੋਧਨ ਕੀਤਾ। ਅੱਜ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ।
Share the post "ਕਿਸਾਨ ਜਥੇਬੰਦੀ ਉਗਰਾਹਾ ਵਲੋਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਸ਼ੁਰੂ"