ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਤੇ ਗੜੇਮਾਰੀ ਹਾਲੇ ਖ਼ਤਮ ਹੁੰਦੀ ਦਿਖ਼ਾਈ ਨਹੀਂ ਦੇ ਰਹੀ। ਅੱਜ ਬਾਅਦ ਦੁਪਿਹਰ ਵੀ ਬਠਿੰਡਾ ਪੱਟੀ ਦੇ ਕਈ ਇਲਾਕਿਆਂ ਵਿਚ ਇੱਕ ਵਾਰ ਫੇਰ ਬਾਰਸ਼ ਹੋਈ ਤੇ ਕਈ ਥਾਂ ਹਲਕੀ ਗੜੇਮਾਰੀ ਵੀ ਦੇਖਣ ਨੂੰ ਮਿਲੀ। ਬੇਈਮਾਨ ਹੋਏ ਮੌਸਮ ਕਾਰਨ ਕਿਸਾਨਾਂ ਦੀ ਜਾਨ ਲਗਾਤਾਰ ਮੁੱਠੀ ਵਿਚ ਆਈ ਹੋਈ ਹੈ। ਪੱਕਣ ’ਤੇ ਪੁੱਜੀ ਫ਼ਸਲ ਪਹਿਲਾਂ ਹੀ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਤੇ ਗੜ੍ਹੇਮਾਰੀ ਕਾਰਨ ਨੁਕਸਾਨੀ ਗਈ ਹੈ ਤੇ ਹੁਣ ਮੌਸਮ ਵਿਭਾਗ ਵਲੋਂ ਲਗਾਤਾਰ ਦੋ ਤਿੰਨ ਦਿਨ ਬਾਰਸ਼ ਆਉਣ ਦੇ ਦੱਸੇ ਅਨੁਮਾਨ ਕਾਰਨ ਕਿਸਾਨਾਂ ਨੂੰ ਵੱਡੀ ਚਿੰਤਾ ਸਤਾਉਣ ਲੱਗੀ ਹੈ। ਪਤਾ ਲੱਗਿਆ ਹੈ ਕਿ ਅੱਜ ਹੋਈ ਬਾਰਸ਼ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਆਈ ਪ੍ਰੰਤੂ ਗੋਨਿਆਣਾ ਖੇਤਰ ਦੇ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ ਦਿਉਣ, ਵਿਰਕ ਕਲਾਂ ਆਦਿ ਪਿੰਡਾਂ ਵਿਚ ਮੀਂਹ ਦੇ ਨਾਲ ਨਾਲ ਹਲਕੀ ਗੜੇਮਾਰੀ ਵੀ ਹੋਈ। ਜਿਸ ਕਰਨ ਪਹਿਲਾਂ ਤੋਂ ਹੀ ਡਿੱਗੀ ਹੋਈ ਕਣਕ ਦਾ ਹੋਰ ਨੁਕਸਾਨ ਹੋ ਗਿਆ ਹੈ। ਜਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਵਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਹੁਣ ਤੱਕ 93 ਫ਼ੀਸਦੀ ਦੇ ਕਰੀਬ ਕਣਕ ਦੀ ਫ਼ਸਲ ਖ਼ਰਾਬ ਹੋਈ ਹੈ। ਜਦੋਂਕਿ ਹੁਣ ਮੌਸਮ ਵਿਭਾਗ ਵੱਲੋਂ 31 ਮਾਰਚ ਅਤੇ 1 ਅਪ੍ਰੈਲ ਤੱਕ ਮੀਂਹ ਦੀ ਪੇਸ਼ਗਨੋਈ ਕੀਤੀ ਹੋਈ ਹੈ। ਕਿਸਾਨਾਂ ਨੇ ਦੁੱਖੀ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਇਸ ਵਾਰ ਕਣਕ ਦੀ ਭਰਵੀਂ ਫ਼ਸਲ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਪਿਛਲੇ ਮਹੀਨਿਆਂ ਦੌਰਾਨ ਮੌਸਮ ਫ਼ਸਲ ਦੇ ਕਾਫ਼ੀ ਅਨੁਕੁਲ ਰਿਹਾ ਸੀ। ਪ੍ਰੰਤੂ ਹੁਣ ਲਗਾਤਾਰ ਹੋ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਬੀ. ਕੇ ਯੂ ਉਗਰਾਹਾਂ ਦੇ ਸੂਬਾ ਸਕੱਤਰ ਸੰਗਾਰਾ ਸਿੰਘ ਮਾਨ ਅਤੇ ਲੱਖੋਵਾਲ ਟਿਕੈਤ ਦੇ ਆਗੂ ਸਰੂਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਬੇਸ਼ੱਕ ਇਹ ਕੁਦਰਤ ਦਾ ਕਹਿਰ ਹੈ ਪ੍ਰੰਤੂ ਇਸ ਔਖੀ ਘੜੀ ਦੌਰਾਨ ਸੂਬੇ ਦੀ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫ਼ੜਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
Share the post "ਬੇਮੌਸਮੀ ਬਾਰਸ਼ ਤੇ ਗੜੇਮਾਰੀ ਜਾਰੀ, ਪੱਕਣ ’ਤੇ ਆਈ ਫ਼ਸਲ ਹੋਰ ਖ਼ਰਾਬ ਹੋਣ ਦੀ ਸੰਭਾਵਨਾ"