ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ : ਪਾਵਰਕਾਮ ਦੀ ਸਬ ਡਵੀਜ਼ਨ ਰਾਮਪੁਰਾ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਕਿਸਾਨਾਂ ਨਾਲ ਕੀਤੇ ਖੇਤੀ ਮੋਟਰ ਕੁਨੈਕਸ਼ਨਾਂ ਦੇ ਘਪਲੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੀਫ ਇੰਜਨੀਅਰ ਪੱਛਮੀ ਜੋਨ ਦੀ ਰਿਹਾਇਸ਼ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ , ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ , ਸੁਖਦੇਵ ਸਿੰਘ ਬਲਾਕ ਪ੍ਰਧਾਨ ਰਾਮਪੁਰਾ ਅਤੇ ਔਰਤ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਜਿੱਥੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਸਬੰਧੀ ਚੁੱਪ ਵੱਟੀ ਹੋਈ ਹੈ ਉੱਥੇ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ 6 ਮਹੀਨਿਆਂ ਤੋਂ ਵੱਖ-ਵੱਖ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਕਿਸਾਨਾਂ ਦੇ ਮਸਲੇ ਹੱਲ ਕਰਨ ਸਬੰਧੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੁਦਰਤੀ ਆਫ਼ਤਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਕਿਸਾਨਾਂ ਨੂੰ ਆਪਣੀ ਮੰਗਾਂ ਮਸਲੇ ਹੱਲ ਕਰਵਾਉਣ ਲਈ ਝੱਖੜ ਅਤੇ ਗੜੇਮਾਰੀ ਦੇ ਮੌਸਮ ਦੌਰਾਨ ਖੁੱਲ੍ਹੇ ਅਸਮਾਨ ਵਿੱਚ ਸਰਕਾਰ ਅਤੇ ਦੋਸ਼ੀ ਸਬੰਧਤ ਅਧਿਕਾਰੀਆਂ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਸੜੇ ਟਰਾਂਸਫਾਰਮਰ ਬਦਲਾਉਣ ਖੇਤੀ ਕਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਇਸ ਧੋਖਾਧੜੀ ਕਰਨ ਵਿੱਚ ਸ਼ਾਮਿਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਜ਼ਿਲ੍ਹਾ ਆਗੂ ਨਛੱਤਰ ਸਿੰਘ ਢੱਡੇ ਅਤੇ ਰਾਮਪੁਰਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਚੌਕੇ ਨੇ ਕਿਹਾ ਕਿ ਲੱਗਭੱਗ ਬਾਰਾਂ ਤੇਰਾਂ ਸਾਲ ਪਹਿਲਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ਲਈ ਓ ਵਾਈ ਟੀ ਸਕੀਮ ਤਹਿਤ ਰਾਮਪੁਰਾ ਦੇ ਦਫ਼ਤਰ ਵਿਚ ਬਣਦੀ ਰਕਮ ਜਮਾਂ ਕਰਵਾਈ ਸੀ। ਬਿਜਲੀ ਬੋਰਡ ਦੇ ਦਫਤਰ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਦਾ ਸਮਾਨ ਦੇ ਕੇ ਕਿਸਾਨਾਂ ਦੇ ਖੇਤਾਂ ਵਿੱਚ ਖੇਤੀ ਮੋਟਰਾਂ ਚਾਲੂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਨੈਕਸ਼ਨਾਂ ਦੀਆਂ ਰਜਿਸਟਰੇਸ਼ਨ ਕਾਪੀਆਂ ਵੀ ਦਿੱਤੀਆਂ ਗਈਆਂ। ਹੁਣ ਜਦੋਂ ਮੋਟਰਾਂ ਦੇ ਟਰਾਂਸਫਾਰਮਰ ਚ ਨੁਕਸ ਪੈ ਗਿਆ ਤਾਂ ਕਿਸਾਨਾਂ ਨੇ ਦਫ਼ਤਰ ਜਾ ਕੇ ਦਰਖਾਸਤ ਦੇਣ ਉਪਰੰਤ ਟਰਾਂਸਫਾਰਮਰ ਬਦਲਣ ਦੀ ਮੰਗ ਕੀਤੀ ਤਾਂ ਉਹ ਹੈਰਾਨ ਰਹਿ ਗਏ ਜਦੋਂ ਸਬੰਧਤ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਰਿਕਾਰਡ ਵਿੱਚ ਤਾਂ ਤੁਹਾਡਾ ਕੋਈ ਕਨੈਕਸ਼ਨ ਚੱਲਦਾ ਹੀ ਨਹੀਂ। ਅੱਜ ਦੇ ਇਕੱਠ ਨੂੰ ਬੂਟਾ ਸਿੰਘ ਬੱਲੋ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਹਰਪ੍ਰੀਤ ਸਿੰਘ ਚੱਠੇਵਾਲਾ ਅਤੇ ਗੁਰਦੀਪ ਸਿੰਘ ਮਾਈਸਰਖਾਨਾ ਨੇ ਵੀ ਸੰਬੋਧਨ ਕੀਤਾ।
Share the post "ਪਾਵਰਕਾਮ ਦੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਅੱਗੇ ਕਿਸਾਨਾਂ ਦਾ ਧਰਨਾ ਤੀਜ਼ੇ ਦਿਨ ਵੀ ਜਾਰੀ"