10 Views
ਸੂਬੇ ਵਿਚੋਂ ਕੇਂਦਰੀ ਸੁਰੱਖਿਆ ਬਲ ਵਾਪਸ ਭੇਜਣ ਅਤੇ ਨੌਜਵਾਨਾਂ ਵਿਰੁੱਧ ਐਨ ਐਸ ਏ ਵਾਪਸ ਲੈਣ ਦੀ ਵੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 3 ਅਪ੍ਰੈਲ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਜ਼ਿਲ੍ਹਾ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇਣ ਤੋਂ ਬਾਅਦ ਗੋਲ ਡਿੱਗੀ ਤੱਕ ਸ਼ਹਿਰ ਵਿਚ ਮੁਜ਼ਾਹਰਾ ਕੀਤਾ। ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਿਰਕਾਪ੍ਰਸਤੀ ਨਾਲ ਨਜਿੱਠਣ ਦੇ ਨਾਂ ਹੇਠ ਨੋਜਵਾਨਾਂ ਤੇ ਲਾਇਆ NSA ਵਾਪਸ ਲਿਆ ਜਾਵੇ ਅਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ,ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਤੁਰੰਤ ਵਾਪਸ ਲਿਆ ਜਾਵੇ,NIA ਅਤੇ ED ਵਰਗੀਆਂ ਏਜ਼ੰਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੀਤਾ ਜਾਵੇ,ਪੰਜਾਬ ਅੰਦਰ ਖ਼ਾਲਸਤਾਨੀ ਲਹਿਰ ਦੇ ਵੱਡੇ ਉਭਾਰ ਦਾ ਝੂਠਾ ਵਿਰਤਾਂਤ ਸਿਰਜਣ ਵਾਲੀ ਮੁਹਿੰਮ ਤੁਰੰਤ ਬੰਦ ਕੀਤੀ ਜਾਵੇ,ਫਿਰਕੂ ਅਤੇ ਗੈਰਕਾਨੂੰਨੀ ਕਾਰਵਾਈਆਂ ਕਰਨ ਵਾਲੇ ਫਿਰਕੂ ਅਨਸਰਾਂ ਨੂੰ ਨੱਥ ਪਾਈ ਜਾਵੇ,ਫਿਰਕੂ ਪ੍ਰਚਾਰ ਰਾਹੀਂ ਭੜਕਾਹਟ ਚ ਆਏ ਨੋਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਫਿਰਕੂ ਤਾਕਤਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਅਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਸਰਕਾਰਾਂ ਸਰਮਾਏਦਾਰੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਫਿਰਕਾਪ੍ਰਸਤੀ ਦਾ ਮਹੌਲ ਸਿਰਜਦੀਆਂ ਹਨ। ਉਹਨਾਂ ਕਿਹਾ ਕਿ ਸਰਮਾਏਦਾਰਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਵਾਲੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਖੇਤੀ ਕਨੂੰਨ ਲੋਕਾਂ ਨੇ ਆਪਣੀ ਤਾਕਤ ਦੇ ਜ਼ੋਰ ਵਾਪਸ ਮੋੜੇ ਹਨ। ਸਰਕਾਰਾਂ ਨੂੰ ਸਰਮਾਏਦਾਰਾਂ , ਜਗੀਰਦਾਰਾਂ ਅਤੇ ਸੂਦਖੋਰਾਂ ਦੀ ਲੁੱਟ ਖ਼ਿਲਾਫ਼ ਖੜ੍ਹੀ ਹੋ ਰਹੀ ਲੋਕ ਤਾਕਤ ਬਰਦਾਸ਼ਤ ਨਹੀਂ ਹੋ ਰਹੀ। ਇਸ ਲਈ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕੀ ਸੰਘਰਸ਼ ਤੇ ਟੇਕ ਰੱਖਣ ਅਤੇ ਆਪਣੀਆਂ ਜਥੇਬੰਦੀਆਂ ਨੂੰ ਹੋਰ ਮਜ਼ਬੂਤ ਕਰਨ । ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਮੋਰਚੇ ਦੌਰਾਨ ਸੰਘਰਸੀ ਲੋਕਾਂ ਨੇ ਅਜਿਹੀਆਂ ਫੁੱਟ ਪਾਊ ਫਿਰਕਾਪ੍ਰਸਤ ਤਾਕਤਾਂ ਤੋਂ ਸੁਚੇਤ ਹੋ ਕੇ ਮੋਰਚਾ ਜਿੱਤਿਆ ਹੈ ਹੁਣ ਅਜਿਹੀਆਂ ਤਾਕਤਾਂ ਜੋ ਸਦਾ ਇਹ ਫਿਰਕਾਪ੍ਰਸਤੀ ਦਾ ਮਾਹੌਲ ਬਣਾਉਣ ਲਈ ਯਤਨਸ਼ੀਲ ਰਹਿੰਦੀਆਂ ਹਨ ਤੋਂ ਹੋਰ ਚੌਕਸ ਹੋਣ ਦੀ ਲੋੜ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਚ ਇੰਨਟਨੈੱਟ ਸੇਵਾਵਾਂ ਬੰਦ ਕਰਕੇ,ਐਨ.ਆਈ.ਏ ਨੂੰ ਪੰਜਾਬ ਵਿੱਚ ਭੇਜ ਕੇ,ਐਨ.ਐਸ.ਏ ਵਰਗੇ ਕਾਨੂੰਨ ਮੜ੍ਹ ਕੇ,ਕੇਂਦਰੀ ਸੁਰੱਖਿਆ ਬਲ ਸੱਦਣ ਤੇ ਉਹਨਾਂ ਦੇ ਫਲੈਗ ਮਾਰਚਾਂ ਰਾਹੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਜਗਦੇਵ ਸਿੰਘ ਜੋਗੇਵਾਲਾ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਸਰਕਾਰਾਂ ਦੀ ਸ਼ਾਜਿਸ ਤਹਿਤ ਸਿਰਜੀ ਹੋਈ ਧਾਰਮਿਕ ਫਿਰਕਾਪ੍ਰਸਤੀ ਦੀ ਅੱਗ ਦਾ ਸੇਕ ਝੱਲ ਚੁੱਕੇ ਹਨ। ਹਜ਼ਾਰਾਂ ਨੌਜਵਾਨ ਫਿਰਕਾਪ੍ਰਸਤੀ ਦੇ ਦੌਰ ਦੌਰਾਨ ਜਾਂ ਤਾਂ ਪੁਲੀਸ ਦੀਆਂ ਗੋਲੀਆਂ ਦੀ ਭੇਟ ਚੜ੍ਹ ਕੇ ਜਾਂ ਉਸ ਦੌਰਾਨ ਭਾਵੁਕ ਹੋ ਕੇ ਚੁੱਕੀਆਂ ਨੌਜਵਾਨਾਂ ਦੇ ਹਥਿਆਰਾਂ ਦੀਆਂ ਗੋਲੀਆਂ ਨਾਲ ਮੌਤ ਦੇ ਮੂੰਹ ਵਿਚ ਚਲੇ ਗਏ। ਹਜ਼ਾਰਾਂ ਪਰਿਵਾਰਾਂ ਨੇ ਇਸ ਦੌਰ ਦਾ ਸੰਤਾਪ ਝੱਲਿਆ।ਅੱਜ ਦੀ ਸਟੇਜ ਤੋਂ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਤੂਫ਼ਾਨ/ਗੜੇਮਾਰੀ ਨਾਲ ਹੋਏ ਭਾਰੀ ਫ਼ਸਲੀ ਨੁਕਸਾਨ ਅਤੇ ਰਿਹਾਇਸ਼ੀ ਮਕਾਨਾਂ ਜਾਂ ਹੋਰ ਜਾਇਦਾਦ ਦੇ ਨੁਕਸਾਨ ਦੀ ਪੂਰੀ ਪੂਰੀ ਭਰਪਾਈ ਵਾਲਾ ਮੁਆਵਜ਼ਾ ਲੈਣ ਅਤੇ ਇਹਦੇ ਲਈ ਫੌਰੀ ਗਿਰਦਾਵਰੀ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ 5 ਅਪ੍ਰੈਲ ਨੂੰ ਮੁੜ ਡੀ ਸੀ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਲਾਏ ਜਾਣਗੇ ਅਤੇ ਮੰਗ ਪੱਤਰ ਦਿੱਤੇ ਜਾਣਗੇ।ਅੱਜ ਦੇ ਧਰਨੇ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਸੁਖਦੇਵ ਸਿੰਘ ਰਾਮਪੁਰਾ ,ਬੂਟਾ ਸਿੰਘ ਬੱਲੋ, ਹੁਸ਼ਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ ,ਸੁਖਜੀਤ ਕੌਰ ਚੱਕ ਫਤਹਿ ਸਿੰਘ ਵਾਲਾ ,ਅਮਰੀਕ ਸਿੰਘ ਸਿਵੀਆ, ਗੁਰਪਾਲ ਸਿੰਘ ਦਿਓਣ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਅਜੈਪਾਲ ਸਿੰਘ ਘੁੱਦਾ , ਹਰਪ੍ਰੀਤ ਸਿੰਘ ਚੱਠੇਵਾਲਾ ਅਤੇ ਰਾਜਵਿੰਦਰ ਸਿੰਘ ਰਾਜੂ ਰਾਮਨਗਰ ਵੀ ਸ਼ਾਮਲ ਸਨ।