ਖੱਜਲ ਖ਼ੁਆਰ ਹੋ ਰਹੇ ਮਰੀਜ਼ਾਂ ਨੇ ਘੇਰੀ ਕੌਮੀ ਮਾਰਗ, ਬਾਅਦ ਦੁਪਿਹਰ ਡਾਕਟਰ ਨੂੰ ਅਦਾਲਤ ਨੇ ਦਿੱਤੀ ਜਮਾਨਤ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਦੋ ਦਿਨ ਪਹਿਲਾਂ ਸਥਾਨਕ ਬਾਦਲ ਰੋਡ ’ਤੇ ਸਥਿਤ ਇੰਜੀਨੀਅਰਿੰਗ ਕਾਲਜ਼ ਕੋਲ ਇੱਕ ਮੋਟਰਸਾਈਕਲ ਚੁੱਕਣ ਨੂੰ ਲੈ ਕੇ ਹੋਏ ਵਿਵਾਦ ਵਿਚ ਏਮਜ਼ ਦੇ ਡਾ ਪਰਮਜੀਤ ਸਿੰਘ ਸਹਿਤ ਉਸਦੇ ਦੋ ਦੋਸਤਾਂ ਵਿਸ਼ਾਲ ਅਤੇ ਬਰਜਿੰਦਰ ਸਿੰਘ ਵਿਰੁਧ ਮੁਕੱਦਮਾ ਨੰਬਰ 57 ਅਧੀਨ ਧਾਰਾ 353, 186, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਸੂਚਨਾ ਮੁਤਾਬਕ ਡਾਕਟਰ ਪਰਮਜੀਤ ਸਿੰਘ ਅਪਣੇ ਦੋਸਤਾਂ ਵਿਸ਼ਾਲ ਅਤੇ ਬਜਿੰਦਰ ਸਿੰਘ ਦੇ ਨਾਲ ਇੱਕ ਗੱਡੀ ਵਿਚ ਬੈਠਾ ਹੋਇਆ ਸੀ ਜਦੋਂਕਿ ਉਨ੍ਹਾਂ ਦੇ ਇੱਕ ਸਾਥੀ ਵਲੋਂ ਮੋਟਰਸਾਈਕਲ ਇੱਕ ਦੁਕਾਨ ਉੱਪਰ ਖੜ੍ਹਾ ਕੀਤਾ ਗਿਆ ਸੀ, ਜਿਸਨੂੰ ਪੁਲਿਸ ਦੁਕਾਨਦਾਰ ਵਲੋਂ ਲਾਵਾਰਿਸ਼ ਹੋਣ ਦੇ ਸ਼ੱਕ ਦੀ ਸੂਚਨਾ ਮਿਲਣ ’ਤੇ ਚੁੱਕ ਕੇ ਵਰਧਮਾਨ ਚੌਕੀ ਲੈ ਗਈ। ਇਸ ਦੌਰਾਨ ਕਰੋਲਾ ਕਾਰ ’ਚ ਸਵਾਰ ਡਾਕਟਰ ਅਤੇ ਉਸਦੇ ਸਾਥੀ ਵੀ ਪੁਲਿਸ ਦੇ ਪਿੱਛੇ ਹੀ ਪੁੱਜ ਗਏ ਤੇ ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਸ਼ੁਰੂ ਹੋਈ ਤਲਖ਼ੀ ਹੱਥੋਪਾਈ ’ਤੇ ਪੁੱਜ ਗਈ। ਜਿਸਤੋਂ ਬਾਅਦ ਪੁਲਿਸ ਨੇ ਡਾਕਟਰ ਅਤੇ ਉਸਦੇ ਸਾਥੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਦਿਆਂ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰਕੇ ਬੀਤੀ ਸ਼ਾਮ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਜਿਸਤੋਂ ਭੜਕੇ ਏਮਜ਼ ਦੇ ਡਾਕਟਰਾਂ ਨੈ ਰੋਸ਼ ਵਜੋਂ ਅੱਜ ਸਵੇਰ ਸਮੇਂ ਏਮਜ਼ ਖੁਲਦਿਆਂ ਹੀ ਡਾਕਟਰਾਂ ਨੇ ਆਪਣੇ ਡਾਕਟਰ ਸਾਥੀ ਨਾਲ ਪੁਲਿਸ ਵਲੋਂ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਹੜਤਾਲ ਕਰ ਦਿੱਤੀ ਅਤੇ ਏਮਜ਼ ਦਾ ਮੁੱਖ ਗੇਟ ਵੀ ਬੰਦ ਕਰ ਦਿੱਤਾ। ਜਿਸ ਕਾਰਨ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਤੋਂ ਆਉਣ ਵਾਲੇ ਸੈਕੜੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੁਖੀ ਹੋਏ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਨੇ ਏਮਜ਼ ਦੇ ਸਾਹਮਣੇ ਬਠਿੰਡਾ-ਡੱਬਵਾਲੀ ਕੌਮੀ ਮਾਰਗ ਉਪਰ ਜਾਮ ਲਗਾ ਦਿੱਤਾ, ਜਿਸ ਕਾਰਨ ਦੂਰ ਦੁੂਰ ਤੱਕ ਵਹੀਕਲਾਂ ਦੀਆਂ ਲਾਈਨਾਂ ਲੱਗ ਗਈਆਂ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਹੜਤਾਲੀ ਡਾਕਟਰਾਂ ਨਾਲ ਗੱਲਬਾਤ ਕਰਕੇ ਮਸਲੇ ਦੇ ਹੱਲ ਦੇ ਯਤਨ ਕੀਤੇ। ਜਦੋਂਕਿ ਏਮਜ਼ ਦੇ ਡਾਕਟਰਾਂ ਦੀ ਹਿਮਾਇਤ ਉੱਪਰ ਪ੍ਰਾਈਵੇਟ ਡਾਕਟਰਾਂ ਦੀ ਜਥੈਬੰਦੀ ਆਈ.ਐਮ.ਏ ਅਤੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਉੱਤਰ ਆਈ। ਜਿਸਦੇ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਤੇ ਸ਼ਹਿਰ ਦੀਆਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਸਿਹਤ ਸੰਸਥਾਵਾਂ ਦੇ ਵੀ ਬੰਦ ਹੋਣ ਦਾ ਡਰ ਪੈਦਾ ਹੋ ਗਿਆ। ਇਸ ਮੌਕੇ ਹੜਤਾਲੀ ਡਾਕਟਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਸਾਥੀ ਡਾਕਟਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਸ ਵਿਰੁਧ ਦਰਜ਼ ਕੀਤੇ ਮੁਕੱਦਮੇ ਨੂੰ ਵੀ ਰੱਦ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜਮ ਵਿਰੁਧ ਵੀ ਕੇਸ ਦਰਜ਼ ਕਰਨ ਦੀ ਮੰਗ ਰੱਖੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਬੀਤੇ ਕੱਲ ਜੇਲ੍ਹ ਭੇਜੇ ਗਏ ਡਾਕਟਰ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਵੀ ਡਾਕਟਰ ਨੂੰ ਜਮਾਨਤ ਦੇ ਦਿੱਤੀ ਅਤੇ ਉਸਨੂੰ ਏਮਜ਼ ਲਿਆਂਦਾ ਗਿਆ, ਜਿਸਤੋਂ ਬਾਅਦ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ। ਇਸਦੀ ਪੁਸ਼ਟੀ ਕਰਦਿਆਂ ਏਮਜ਼ ਦੇ ਡਾਇਰੈਕਟਰ ਡਾ ਡੀ ਕੇ ਸਿੰਘ ਨੇ ਦਸਿਆ ਕਿ ਡਾਕਟਰ ਨੂੰ ਅਦਾਲਤ ਵਿਚੋਂ ਜ਼ਮਾਨਤ ਮਿਲਣ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਏਮਜ਼ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਲਿਖ ਕਿ ਇਸ ਮਾਮਲੇ ਵਿਚ ਡਾਕਟਰ ਦੇ ਲੱਗੀਆਂ ਸੱਟਾਂ ਤੇ ਉਸਦੇ ਨਾਲ ਦੁਰਵਿਵਹਾਰ ਕਰਨ ਵਾਲਿਆਂ ਵਿਰੁਧ ਵੀ ਜਾਂਚ ਦੀ ਮੰਗ ਕਰਨਗੇ। ਦੂਜੇ ਪਾਸੇ ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖਰਾਣਾ ਦਾ ਕਹਿਣਾ ਸੀ ਕਿ ਡਾਕਟਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮਾਮਲਾ ਹੱਲ ਹੋ ਗਿਆ ਪਰ ਉਹ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰਨਗੇ।
Share the post "ਬਠਿੰਡਾ ਏਮਜ਼ ਦੇ ਡਾਕਟਰ ਵਿਰੁਧ ਪੁਲਿਸ ਵਲੋਂ ਪਰਚਾ ਦਰਜ਼, ਕਥਿਤ ਕੁੱਟਮਾਰ ਕਾਰਨ ਡਾਕਟਰਾਂ ਨੇ ਕੀਤੀ ਹੜਤਾਲ"