ਖੇਤੀ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਪਹੁੰਚ ਕਰਨ ਤੇ ਘਟੀਆਂ ਬੀਜ਼ਾਂ ਤੇ ਦਵਾਈਆਂ ’ਤੇ ਨਿਗ੍ਹਾਂ ਰੱਖਣ ਦੀਆਂ ਦਿੱਤੀਆਂ ਹਿਦਾਇਤਾਂ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਪੰਜਾਬ ਸਰਕਾਰ ਵਲੋਂ ਖੇਤੀ ਵਿਭੰਨਤਾ ਯੋਜਨਾ ਤਹਿਤ ਦੱਖਣੀ ਮਾਲਵਾ ਦੇ ਜ਼ਿਲ੍ਹਿਆਂ ’ਚ ਨਰਮਾ ਪੱਟੀ ਨੂੰ ਮੁੜ ਬਹਾਲ ਕਰਨ ਲਈ ਅੱਜ ਤਿੰਨ ਸੂਬਿਆਂ ਦੇ ਖੇਤੀ ਮਾਹਰਾਂ ਵਲੋਂ ਸਥਾਨਕ ਖੇਤੀ ਭਵਨ ’ਚ ਉਚ ਪੱਧਰੀ ਮੀਟਿੰਗ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ ਖੇਤੀ ਅਧਿਕਾਰੀਆਂ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾ ਦੇ ਖੇਤੀ ਮਾਹਰਾਂ ਨੇ ਵੀ ਸਮੂਲੀਅਤ ਕੀਤੀ। ਮੀਟਿੰਗ ਵਿਚ ਖੇਤੀ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਪਹੁੰਚ ਕਰਨ ਅਤੇ ਘਟੀਆਂ ਬੀਜ਼ਾਂ ਤੇ ਦਵਾਈਆਂ ’ਤੇ ਰੋਕ ਲਗਾਉਣ ਲਈ ਸਖ਼ਤੀ ਨਾਲ ਪਹਿਰਾਂ ਦੇਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਗਈਆਂ। ਸੂਚਨਾ ਮੁਤਾਬਕ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ‘ਚਿੱਟੇ ਸੋਨੇ’ ਨਾਲ ਜੋੜਣ ਲਈ ਨਰਮੇ ਦੇ ਬੀਜ਼ ਉੱਪਰ 33 ਫ਼ੀਸਦੀ ਸਬਸਿਡੀ ਦੇਣ ਅਤੇ ਨਰਮੇ ਦੀ ਬੀਜਾਈ ਲਈ ਵਿਸਾਖੀ ਤੋਂ ਨਹਿਰੀ ਪਾਣੀ ਮੁਹੱਈਆਂ ਕਰਵਾਉਣ ਦੇ ਫੈਸਲੇ ’ਤੇ ਲੰਮੀ ਚਰਚਾ ਕਰਦਿਆਂ ਖੇਤੀ ਅਧਿਕਾਰੀਆਂ ਨੂੰ ਨਹਿਰਾਂ ਦੀ ਸਾਫ਼-ਸਫ਼ਾਈ ਆਦਿ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪੀਏਯੂ ਵਲੋਂ ਸਿਫ਼ਾਰਿਸ਼ ਬੀਟੀ ਕਾਟਨ ਬੀਜ਼ਾਂ ਦੀ ਕਿਸਮਾਂ ਜ਼ਿਲ੍ਹਾ ਪੱਧਰ ’ਤੇ ਪੁੱਜ ਗਈਆਂ ਹਨ, ਜਿਸਦੇ ਚੱਲਦੇ ਗੁਜਰਾਤੀ ਬੀਟੀ ਕਾਟਨ ਨੂੰ ਰੋਕਣ ਲਈ ਵਿਸੇਸ ਧਿਆਨ ਦੇਣ ਦੀ ਲੋੜ ਹੈ। ਉਪ ਕੁਲਪਤੀ ਡਾ ਗੋਸਲ ਅਤੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ ਰਾਜ ਕੁਮਾਰ ਨੇ ਕਿਹਾ ਕਿ ਹੁਣ ਖੇਤੀ ਅਧਿਕਾਰੀਆਂ ਤੇ ਮਾਹਰਾਂ ਨੂੰ ਹੇਠਲੇ ਪੱਧਰ ਤੋਂ ਛੋਟੀ ਤੋਂ ਛੋਟੀ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਣ ’ਤੇ ਤੁਰੰਤ ਇਸਦਾ ਹੱਲ ਕੀਤਾ ਜਾ ਸਕੇ। ਇਸਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਰੱਖੇ ਕਿਸਾਨ ਮਿੱਤਰਾਂ ਤੇ ਸੁਪਰਵਾਈਜ਼ਰਾਂ ਨਾਲ ਨਿਰੰਤਰ ਤਾਲਮੇਲ ਬਣਾਉਣ ਦੀਆਂ ਵੀ ਹਿਦਾਇਤਾਂ ਦਿੱਤੀਆਂ ਗਈਆਂ। ਪਿਛਲੇ ਸਮੇਂ ਦੌਰਾਨ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਕਾਰਨ ਹੋਏ ਭਵਿੱਖੀ ਨੁਕਸਾਨ ਨੂੰ ਰੋਕਣ ਲਈ ਵੀ ਤਿਆਰੀਆਂ ਤੇ ਹੁਣ ਤੱਕ ਹੋਏ ਕੰਮਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿਚ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ ਦਿਲਬਾਗ ਸਿੰਘ ਹੀਰ, ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ ਜਗਦੀਸ ਗਰੋਵਰ, ਡਾ ਪਰਮਜੀਤ ਸਿੰਘ, ਖੇਤੀਬਾੜੀ ਅਫ਼ਸਰ ਡਾ ਬਲਜਿੰਦਰ ਸਿੰਘ, ਡਾ ਜਸਕਰਨ ਸਿੰਘ, ਡਾ ਡੂੰਘਰ ਸਿੰਘ ਬਰਾੜ, ਡਾ ਬਲਜੀਤ ਸਿੰਘ ਬਰਾੜ ਆਦਿ ਹਾਜ਼ਰ ਰਹੇ।
Share the post "ਖੇਤੀ ਵਿਭੰਨਤਾ: ਨਰਮਾ ਪੱਟੀ ਨੂੰ ਮੁੜ ਸੁਰਜੀਤ ਕਰਨ ਲਈ ਬਠਿੰਡਾ ’ਚ ਖੇਤੀ ਮਾਹਰਾਂ ਦੀ ਹੋਈ ਅੰਤਰਰਾਜ਼ੀ ਮੀਟਿੰਗ"