ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਵਿਸਾਖ਼ੀ ਮੌਕੇ ਕੋਈ ਪਾਬੰਦੀਆਂ ਲਗਾਉਣ ਵਿਰੁਧ ਦਿੱਤੀ ਚੇਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਆਗਾਮੀ 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਉਪ ਚੋਣ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਮੈਦਾਨ ਵਿਚ ਨਿੱਤਰ ਆਇਆ ਹੈ। ਅੱਜ ਬਠਿੰਡਾ ਦੇ ਸਰਕਟ ਹਾਊਸ ’ਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਆਗੂ ਗੁਰਜੰਟ ਸਿੰਘ ਕੱਟੂ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ। ਸ: ਮਾਨ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਹਾਲੇ ਵੀ ਇੰਨ੍ਹਾਂ ਰਿਵਾਇਤੀ ਪਾਰਟੀਆਂ ਦੇ ਨਾਲ-ਨਾਲ ਸੱਤਾਧਾਰੀ ਧਿਰ ਤੋਂ ਦੁਖੀ ਹਨ, ਜਿਸਦੇ ਚੱਲਦੇ ਉਹ ਸੰਗਰੂਰ ਉਪ ਚੋਣ ਦੀ ਤਰਜ਼ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹਿਮਾਇਤ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਉਪਰ ਸਿੱਖਾਂ ਵਿਰੁਧ ਵੱਖਵਾਦੀ ਤੇ ਖ਼ਾਲਿਸਤਾਨੀ ਹੋਣ ਦਾ ਝੂਠਾ ਪਰਚਾਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਸਿੱਖਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਹੁਣ ਵਿਦੇਸ਼ਾਂ ’ਚ ਬੈਠੇ ਸਿੱਖ ਚੁੱਪ ਨਹੀਂ ਰਹਿਣਗੇ। ਇਸਤੋਂ ਇਲਾਵਾ ਉਨ੍ਹਾਂ ਵਿਸਾਖੀ ਮੌਕੇ ਪੰਜਾਬ ਦੇ ਧਾਰਮਿਕ ਸਥਾਨਾਂ ’ਤੇ ਭਾਰੀ ਗਿਣਤੀ ’ਚ ਪੁਲਿਸ ਸੁਰੱਖਿਆ ਲਗਾਉਣ ਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜੇਕਰ ਸਿੱਖਾਂ ਦੇ ਪਵਿੱਤਰ ਤਿਊਹਾਰ ਵਿਸਾਖੀ ਮੌਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਖ਼ਤ ਵਿਰੋਧ ਕਰਨਗੇ ਅਤੇ ਸੰਭਵ ਹੈ ਕਿ ਵਿਦੇਸ਼ਾਂ ’ਚ ਸਿੱਖ ਭਾਰਤੀ ਸਫ਼ਾਰਤਖ਼ਾਨਿਆਂ ਨੂੰ ਘੇਰ ਸਕਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਪੱਤਰਕਾਰਾਂ ਵਿਰੁਧ ਪਰਚੇ ਦਰਜ਼ ਕਰਨ ਤੇ ਚੈਨਲਾਂ ਨੂੰ ਬੰਦ ਕਰਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਇਸ ਸਬੰਧ ਵਿਚ ਇੱਕ ਰੀਪੋਰਟ ਨਿਊਯਾਰਕ ਸਥਿਤ ਪੱਤਰਕਾਰਾਂ ਦੀ ਸੰਸਥਾ ਨੂੰ ਭੇਜ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੜ ਆਤਮਸਮਰਪਣ ਨਾ ਕਰਨ ਦੀ ਸਲਾਹ ਦਿੰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਐਨਐਸਏ ਲਗਾ ਕੇ ਸਿੱਖਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਣ ਦਾ ਵੀ ਵਿਰੋਧ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਉਹ ਡਿਬਰੂਗੜ੍ਹ ਜੇਲ੍ਹ ਦਾ ਦੌਰਾ ਕਰਨਗੇ ਤੇ ਉਥੇ ਦੇ ਮੁੱਖ ਮੰਤਰੀ ਨੂੰ ਵੀ ਮਿਲਣਗੇ। ਸ: ਮਾਨ ਨੇ ਇਸ ਮੌਕੇ ਭਾਜਪਾ ਦੀ ਭ੍ਰਿਸਟਾਚਾਰ ਵਿਰੋਧੀ ਮੁਹਿੰਮ ਦੀ ਹਿਮਾਇਤ ਕਰਦਿਆਂ ਨਾਲ ਹੀ ਕਿਹਾ ਕਿ ਕਾਰੋਬਾਰੀ ਅਡਾਨੀ ਦੇ ਮਸਲੇ ’ਤੇ ਵਿਰੋਧੀ ਧਿਰ ਦੀ ਮੰਗ ਸਾਂਝੀ ਪਾਰਲੀਮਾਨੀ ਕਮੇਟੀ ਬਣਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਪ੍ਰੋ ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਗੁਰਜੰਟ ਸਿੰਘ ਕੱਟੂ, ਪਰਵਿੰਦਰ ਸਿੰਘ ਬਾਲਿਆਵਾਲੀ, ਸੁਖਦੇਵ ਸਿੰਘ ਕਾਲਾ, ਸਿਮਰਨਜੋਤ ਸਿੰਘ ਖ਼ਾਲਸਾ, ਗੁਰਚਰਨ ਸਿੰਘ ਕੋਟਲੀ ਤੇ ਯਾਦਵਿੰਦਰ ਸਿੰਘ ਭਾਗੀਵਾਦਰ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਜਲੰਧਰ ਉਪ ਚੋਣ ਲਈ ਉਮੀਦਵਾਰ ਐਲਾਨਿਆਂ
8 Views