ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ : ਦੇਸ ਦੇ ਵੱਖ ਵੱਖ ਹਿੱਸਿਆਂ ’ਚ ਕਣਕ ਦੀ ਕਿੱਲਤ ਨੂੰ ਦੇਖਦਿਆਂ ਕੇਂਦਰੀ ਖਰੀਦ ਏਜੰਸੀ ਵਲੋਂ ਚਾਲੂ ਸੀਜ਼ਨ ਦੌਰਾਨ ਮੰਡੀਆਂ ਵਿਚੋਂ ਸਿੱਧੀਆਂ ਸਪੈਸਲਾਂ ਭਰਨ ਦੇ ਲਏ ਫ਼ੈਸਲੇ ਦੇ ਵਿਰੋਧ ’ਚ ਪੰਜਾਬ ਪਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਉਤਰ ਆਈ ਹੈ। ਅੱਜ ਸੂਬੇ ਭਰ ਤੋਂ ਇਕੱਠੇ ਹੋਏ ਸੈਕੜਿਆਂ ਦੀ ਗਿਣਤੀ ’ਚ ਪੱਲੇਦਾਰਾਂ ਨੇ ਕੇਂਦਰ ਦੇ ਇਸ ਫੈਸਲੇ ਵਿਰੋਧ ਬਠਿੰਡਾ ਸ਼ਹਿਰ ’ਚ ਰੋਸ਼ ਪ੍ਰਦਰਸ਼ਨ ਕਰਦਿਆਂ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਸਾਲ 2023-24 ਦੇ ਕਣਕ ਦੇ ਸੀਜ਼ਨ ਦੋਰਾਨ ਪੰਜਾਬ ਦੇ ਸਮੂਹ ਖਰੀਦ ਕੇਂਦਰਾਂ ਤੋਂ ਕਣਕ ਰੇਲ ਹੈਡ ਰਾਹੀਂ ਸਿੱਧੀਆ ਸਪੈਸ਼ਲਾਂ ਭਰੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੀਆਂ ਖਰੀਦ ਏਜੰਸੀਆਂ ਵਿੱਚ ਕੰਮ ਕਰਦੇ ਲੱਖਾਂ ਮਜਦੂਰ ਪੱਲੇਦਾਰ ਕੰਮ ਤੋ ਵਿਹਲੇ ਹੋ ਗਏ ਹਨ। ਜਿਸਦੇ ਚੱਲਦੇ ਉਨ੍ਹਾਂ ਦੇ ਪਰਿਵਾਰ ਵੀ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਇਸ ਮੌਕੇ ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਮੰਡੀਆਂ ਵਿਚੋਂ ਖਰੀਦੀ ਜਾ ਰਹੀ ਕਣਕ ਨੂੰ ਪੰਜਾਬ ਵਿੱਚ ਬਣੇ ਓਪਨ ਪੁਲੰਥਾਂ ਅਤੇ ਕਵਰਡ ਗੋਦਾਮਾਂ ਵਿੱਚ ਰੱਖਿਆ ਜਾਵੇ ਅਤੇ ਸੀਜਨ ਤੋ ਬਾਅਦ ਸਪੈਸ਼ਲਾਂ ਭਰਵਾਈਆ ਜਾਣ। ਉੂਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਹੀਂ ਲਿਆ ਤਾਂ ਇਸਦੇ ਵਿਰੁਧ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
Share the post "ਮੰਡੀਆਂ ਵਿਚੋਂ ਸਿੱਧੀਆਂ ਸਪੈਸਲਾਂ ਭਰਨ ਦੇ ਵਿਰੋਧ ’ਚ ਪੱਲੇਦਾਰਾਂ ਨੇ ਕੀਤਾ ਰੋਸ਼ ਪ੍ਰਦਰਸ਼ਨ"