ਇਸ ਮੁੱਦੇ ’ਤੇ ਜਲਦੀ ਹੀ ਸੰਘਰਸ਼ ਕੀਤਾ ਜਾਵੇਗਾ ਤੇਜ਼: ਅਸ਼ੋਕ ਬਾਲਿਆਂਵਾਲੀ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 18 ਅਪ੍ਰੈਲ : ਆਨਲਾਈਨ ਦਵਾ ਕੰਪਨੀਆਂ ਦੇ ਵਧਦੇ ਕਾਰੋਬਾਰ ਕਾਰਨ ਆਮ ਕੈਮਿਸਟ ਪ੍ਰੇਸ਼ਾਨ ਹਨ, ਜਿਸ ਦੇ ਤਹਿਤ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਭਰ ’ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਰ ਅਜੇ ਤੱਕ ਕੈਮਿਸਟਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਸਬੰਧ ਵਿਚ ਅੱਜ ਅੰਮ੍ਰਿਤਸਰ ਵਿਖੇ ਸੂਬੇ ਭਰ ਦੇ ਕੈਮਿਸਟਾਂ ਦੀ ਸੰਸਥਾ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਵਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿਚ ਕੈਬਨਿਟ ਮੰਤਰੀ ਡਾ: ਇੰਦਰਵੀਰ ਸਿੰਘ ਨਿੱਝਰ ਮੁੱਖ ਮਹਿਮਾਨ ਅਤੇ ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਪੀਸੀਏ ਪੰਜਾਬ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕੈਬਨਿਟ ਮੰਤਰੀ ਅਤੇ ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਨੂੰ ਦਵਾਈ ਵਿਕਰੇਤਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆਨਲਾਈਨ ਸਪਲਾਈ ਕੈਮਿਸਟਾਂ ਦਾ ਕਾਰੋਬਾਰ ਖਤਮ ਕਰਨ ਦੇ ਬਰਾਬਰ ਹੈ, ਜੇਕਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ, ਤਾਂ ਆਉਣ ਵਾਲੇ ਸਮੇਂ ਵਿੱਚ ਕੈਮਿਸਟ ਅਤੇ ਉਨ੍ਹਾਂ ਨਾਲ ਜੁੜੇ ਲੱਖਾਂ ਪਰਿਵਾਰ ਬੇਰੁਜ਼ਗਾਰੀ ਦੀ ਲਪੇਟ ਵਿੱਚ ਆ ਜਾਣਗੇ। ਉਨ੍ਹਾਂ ਕਿਹਾ ਕਿ ਈ-ਫਾਰਮੇਸੀ ਰਾਹੀਂ ਨਸ਼ਿਆਂ ਦਾ ਕਾਰੋਬਾਰ ਵੀ ਵਧ ਰਿਹਾ ਹੈ। ਇਸ ਦੌਰਾਨ ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਨੇ ਕਿਹਾ ਕਿ ਫਾਰਮਾਸਿਸਟਾਂ ਨੂੰ ਨਵੀਂ ਰਜਿਸਟਰੇਸ਼ਨ ਅਤੇ ਰੀਨਿਊਲ ਰਜਿਸਟਰੇਸ਼ਨ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਕਤ ਰਜਿਸਟਰੇਸ਼ਨ ਨੂੰ ਪੇਪਰ ਰਹਿਤ ਤੇ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਜ਼ਿਲ੍ਹਾ ਬਠਿੰਡਾ ਦੇ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਮੀਟਿੰਗ ਵਿੱਚ ਪੀ.ਸੀ.ਏ. ਦੇ ਜਨਰਲ ਸਕੱਤਰ ਜੀ.ਐਸ.ਚਾਵਲਾ, ਵਿੱਤ ਸਕੱਤਰ ਅਮਰਦੀਪ ਸਿੰਘ, ਪੰਜਾਬ ਭਰ ਤੋਂ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਹਾਜ਼ਰ ਸਨ। ਇਸ ਦੌਰਾਨ ਦੀ ਬਠਿੰਡਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ਤੋਂ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ, ਹੋਲਸੇਲ ਐਸੋਸੀਏਸ਼ਨ ਦੇ ਕੈਸ਼ੀਅਰ ਵਰਿੰਦਰ ਕੁਮਾਰ ਨੇ ਸ਼ਿਰਕਤ ਕੀਤੀ।
ਈ-ਫਾਰਮੇਸੀ ਬੰਦ ਨਾ ਹੋਈ ਤਾਂ ਸੜਕਾਂ ’ਤੇ ਆ ਜਾਣਗੇ ਕੈਮਿਸਟ: ਸੁਰਿੰਦਰ ਦੁੱਗਲ
10 Views