ਪੂਰੇ ਇਲਾਕੇ ’ਚ ਸੋਗ ਦੀ ਲਹਿਰ
ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ : ਬੀਤੇ ਕੱਲ ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਜ਼ਿਲ੍ਹੇ ਦੇ ਪਿੰਡ ਬਾਘਾ ਦਾ ਫੌਜੀ ਜਵਾਨ ਗੁਰਸੇਵਕ ਸਿੰਘ (23) ਸ਼ਹੀਦ ਹੋ ਗਿਆ ਹੈ। ਸ਼ਹੀਦ ਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਤਾ ਲੱਗਿਆ ਹੈ ਕਿ ਗੁਰਸੇਵਕ ਸਿੰਘ ਸਾਲ 2018 ਵਿਚ ਫੌਜ ਵਿੱਚ ਭਰਤੀ ਹੋਇਆ ਸੀ। ਜਵਾਨ ਦੇ ਸ਼ਹੀਦ ਹੋਣ ਦਾ ਪਤਾ ਲੱਗਦੇ ਹੀ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਸ ਦੇ ਘਰ ਪੁੱਜ ਗਏ। ਦੇਰ ਸ਼ਾਮ ਤੱਕ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਪਿੰਡ ਵਿਚ ਨਹੀਂ ਪੁੱਜੀ ਸੀ, ਜਿਸਦੇ ਚੱਲਦੇ ਹੁਣ ਸੰਸਕਾਰ ਭਲਕੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈੈ। ਪਿੰਡ ਦੇ ਲੋਕਾਂ ਮੁਤਾਬਕ ਸ਼ਹੀਦ ਜਵਾਨ ਸੇਵਕ ਸਿੰਘ ਆਪਣੀਆਂ ਦੋ ਭੈਣਾਂ ਤੋਂ ਉਮਰ ਵਿੱਚ ਵੱਡਾ ਸੀ ਅਤੇ ਉਸਦੀ ਇਕ ਭੈਣ ਵਿਆਹੀ ਹੋਈ ਸੀ। ਪ੍ਰਵਾਰ ਵਾਲਿਆਂ ਮੁਤਾਬਕ ਉਸਨੇ ਖੁਦ ਵੀ ਵਿਆਹ ਨਹੀਂ ਕਰਵਾਇਆ ਸੀ ਕਿ ਉਹ ਪਹਿਲਾਂ ਅਪਣੀਆਂ ਭੈਣਾਂ ਦਾ ਵਿਆਹ ਕਰੇਗਾ। ਮ੍ਰਿਤਕ ਦੇ ਮਾਤਾ ਪਿਤਾ ਦੀ ਆਰਥਿਕ ਹਾਲਾਤ ਕਾਫ਼ੀ ਮਾੜੀ ਹੋਣ ਕਾਰਨ ਉਨ੍ਹਾਂ ਵਲੋਂ ਦਿਹਾੜੀ ਕਰਕੇ ਆਪਣੇ ਪ੍ਰਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ ਤੇ ਹੁਣ ਗੁਰਸੇਵਕ ਦੇ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਮਾਪਿਆਂ ਨੂੰ ਦਿਨ ਬਦਲਣ ਦੀ ਉਮੀਦ ਬੱਝੀ ਹੋਈ ਸੀ। ਉਧਰ ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਜਵਾਨ ਗੁਰਸੇਵਕ ਸਿੰਘ ਨੇ ਅੱਤਵਾਦੀ ਹਮਲੇ ਤੋਂ ਪਹਿਲਾਂ ਕਰੀਬ ਦੁਪਿਹਰ ਢਾਈ ਵਜੇ ਆਪਣੇ ਘਰ ਫੋਨ ’ਤੇ ਗੱਲਬਾਤ ਕੀਤੀ ਸੀ ਜੋਕਿ ਆਖ਼ਰੀ ਹੋ ਨਿਬੜੀ। ਪ੍ਰਵਾਰਕ ਮੈਂਬਰਾਂ ਨੇ ਰੋਂਦੇ ਹੋਏ ਦਸਿਆ ਕਿ ਗੁਰਸੇਵਕ ਸਿੰਘ ਨੇ ਕਿਹਾ ਸੀ ਕਿ ਉਹ ਅਪਣੇ ਸਾਥੀ ਜਵਾਨਾਂ ਲਈ ਖਾਣਾ ਲੈ ਕੇ ਜਾ ਰਹੇ ਹਨ। ਜਿਸਤੋਂ ਬਾਅਦ ਇਹ ਘਟਨਾ ਵਾਪਰ ਗਈ। ਪਿੰਡ ਦੇ ਲੋਕਾਂ ਨੇ ਦਸਿਆ ਕਿ ਗੁਰਸੇਵਕ ਸਿੰਘ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕੀਤੀ ਜਿਸਤੋਂ ਬਾਅਦ ਉਸਨੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਰਾਮਾਂ ਵਿਖੇ ਹਿੰਦੂ ਸੀਨਿਅਰ ਸਕੈਡੰਰੀ ਸਕੂਲ ਤੋਂ ਪੂਰੀ ਕੀਤੀ । ਸ਼ਹੀਦ ਜਵਾਨ ਸੇਵਕ ਸਿੰਘ ਬਚਪਨ ਤੋਂ ਹੀ ਫੋਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਜਿਸਦੇ ਚਲਦਿਆਂ ਉਸਨੇ ਦੋੜ ਲਗਾਉਣੀ ਸ਼ੁਰੂ ਕੀਤੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂਕਿ ਉਸਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ।
Share the post "ਪੁੰਛ ’ਚ ਹੋਏ ਅੱਤਵਾਦੀ ਹਮਲੇ ’ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਘਾ ਦਾ ਜਵਾਨ ਗੁਰਸੇਵਕ ਸਿੰਘ ਹੋਇਆ ਸ਼ਹੀਦ"