ਪਿੰਡ ’ਚ ਬਾਦਲ ਪ੍ਰਵਾਰ ਦੇ ਜੱਦੀ ਖੇਤਾਂ ’ਚ ਅੱਜ ਕੀਤਾ ਜਾਵੇਗਾ ਅੰਤਿਮ ਸੰਸਕਾਰ
ਸੁਖਜਿੰਦਰ ਮਾਨ
ਬਾਦਲ(ਬਠਿੰਡਾ), 26 ਅਪ੍ਰੈਲ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਵਿਚੋਂ ਚਲੇ ਜਾਣ ਦੇ ਬਾਵਜੂਦ ਅਪਣੇ ਜੱਦੀ ਪਿੰਡ ਦੇ ਲੋਕਾਂ ਦੇ ਦਿਲਾਂ ’ਚ ਧੜਕਦੇ ਦਿਖ਼ਾਈ ਦਿੱਤੇ। ਬੇਸ਼ੱਕ ਉਨ੍ਹਾਂ ਦੀ ਮ੍ਰਿਤਕ ਦੇਹ ਦੇਰ ਸ਼ਾਮ ਪਿੰਡ ਵਿਚ ਪੁੱਜੀ ਪਰ ਸਵੇਰ ਤੋਂ ਹੀ ਸੋਗ ਦੀ ਲਹਿਰ ਸੀ। ਉਨ੍ਹਾਂ ਨੂੰ ਚਾਹੁਣ ਵਾਲੇ ਤੇ ਇੱਥੋਂ ਤੱਕ ਦੂਜੀਆਂ ਪਾਰਟੀਆਂ ਦੇ ਹਿਮਾਇਤੀ ਵਰਕਰ ਵੀ ਅਪਣੇ ਪਿੰਡ ਦਾ ਨਾਂ ਪੂਰੀ ਦੁਨੀਆਂ ’ਚ ਰੋਸ਼ਨ ਕਰਨ ਵਾਲੇ ਮਹਰੂਮ ਆਗੂ ਨੂੰ ਯਾਦ ਕਰਦੇ ਦਿਖ਼ਾਈ ਦਿੱਤੇ। ਬਠਿੰਡਾ ਨਾਲ ਲੱਗਦੀ ਹੱਦ ’ਤੇ ਵਸੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਸ ਆਖ਼ਰੀ ਪਿੰਡ ਦੀ ਕਈ ਦਹਾਕਿਆਂ ਤੱਕ ਪੂਰੀ ਸਿਆਸੀ ਚਮਕ-ਦਮਕ ਕਾਇਮ ਰਹੀ ਹੈ। ਪਿੰਡ ਦੇ ਵਿਚ ਕੋਈ ਅਜਿਹੀ ਚੀਜ਼ ਨਹੀਂ, ਜੋ ਕਿਸੇ ਵੱਡੇ ਸ਼ਹਿਰ ਵਿਚ ਉਪਲਬਧ ਹੋਵੇ। 1950 ਵਿਚ ਇਸੇ ਪਿੰਡ ਦੀ ਸਰਪੰਚੀ ਤੋਂ ਅਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸ: ਬਾਦਲ ਨੂੰ ਵਾਰ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਵੀ ਅਪਣੇ ਪਿੰਡ ਦੇ ਲੋਕਾਂ ਨਾਲ ਅੰਤਾਂ ਦਾ ਮੋਹ ਸੀ, ਜਿਹੜਾ ਅੱਜ ਇਸ ਪਿੰਡ ਦੇ ਲੋਕਾਂ ਦੇ ਉਦਾਸ ਚੇਹਰਿਆਂ ਤੋਂ ਸਾਫ਼ ਪੜਿਆ ਜਾ ਰਿਹਾ ਸੀ। ਕਿਸਾਨਾਂ ਤੇ ਮਸੀਹਾਂ ਅਤੇ ਖੇਤਾਂ ਦੇ ਪੁੱਤ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਜੱਦੀ ਖੇਤਾਂ ’ਚ ਅਰਥੀ ਤਿਆਰ ਕਰਵਾ ਰਹੇ ਪਿੰਡ ਦੇ ਪੰਚਾਇਤ ਮੈਂਬਰ ਨਛੱਤਰ ਸਿੰਘ ਨੇ ਅੱਖਾਂ ਭਰਦਿਆਂ ਕਿਹਾ ਕਿ ‘‘ ਅੱਜ ਪਿੰਡ ਦੇ ਲੋਕ ਖੁਦ ਲਾਵਾਰਿਸ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅੱਜ ਉਨ੍ਹਾਂ ਦਾ ਖੁਦਾ ਨਹੀਂ ਰਿਹਾ। ’’ ਨਛੱਤਰ ਸਿੰਘ ਨੇ ਅੱਗੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਬਾਦਲ ਸਾਹਿਬ ਉਪਰ ਐਨਾ ਮਾਣ ਸੀ ਕਿ ਉਹਨ੍ਹਾਂ ਦੇ ਬਿਨ੍ਹਾਂ ਕਹਿਣ ਤੋਂ ਹੀ ਪਿੰਡ ’ਚ ਹਰ ਸਹੂਲਤ ਉਪਲਬਧ ਹੋ ਜਾਂਦੀ ਸੀ। ਉਨ੍ਹਾਂ ਦਸਿਆ ਕਿ ਸ: ਬਾਦਲ ਨੂੰ ਪਿੰਡ ਅਤੇ ਇੱਥੋਂ ਦੇ ਲੋਕਾਂ ਨਾਲ ਇੰਨ੍ਹਾਂ ਪਿਆਰ ਸੀ ਕਿ ਇੱਥੇ ਕੋਈ ਅਜਿਹੀ ਸ਼ੈਅ ਨਹੀਂ ਸੀ ਜੋ ਉਨ੍ਹਾਂ ਨਾਂ ਲਿਆਂਦੀ ਹੋਵੇ। ਮਹਰੂਮ ਬਾਦਲ ਦੇ ਭਤੀਜ਼ੇ ਜੋਗਿੰਦਰ ਸਿੰਘ ਨੇ ਸਪੋਕਸਮੈਨ ਨੂੰ ਦਸਿਆ ਕਿ ‘‘ ਠਰੰਮੇ ਤੇ ਸਬਰ ਇੰਨ੍ਹਾਂ ਜਿਆਦਾ ਸੀ ਕਿ 45 ਸਾਲ ਪ੍ਰਕਾਸ਼ ਸਿੰਘ ਬਾਦਲ ਦੇ ਨਜਦੀਕ ਵਿਚਰਨ ਦੇ ਬਾਵਜੂਦ ਅਖ਼ੀਰ ਤੱਕ ਕਦੇ ਉਨ੍ਹਾਂ ਦੇ ਮੁੱਖ ਤੋਂ ਗੁੱਸਾ ਨਹੀਂ ਝਲਕਿਆ ਸੀ। ਉਨ੍ਹਾਂ ਇਹ ਵੀ ਗਿਲਾ ਜ਼ਾਹਰ ਕੀਤਾ ਕਿ ਹਰ ਇੱਕ ਦੀ ਸੁੱਖ ਭਾਲਣ ਵਾਲੇ ਸ: ਬਾਦਲ ਦੀ ਸਖ਼ਸੀਅਤ ਨੂੰ ਕੁੱਝ ਲੋਕਾਂ ਨੇ ਧੱਬਾ ਲਗਾਉਣ ਦਾ ਯਤਨ ਕੀਤਾ। ਬਾਦਲ ਪ੍ਰਵਾਰ ਦੀ ਹਵੇਲੀ ਅੱਗੇ ਅੱਖਾਂ ਵਿਚੋਂ ਹੰਝੂ ਵਹਾ ਰਹੇ ਉਨ੍ਹਾਂ ਦੇ ਨਾਨਕੇ ਪਿੰਡ ਲਾਲਬਾਈ ਦੇ ਸੁਖਵਿੰਦਰ ਸਿੰਘ ਮਾਨ ਨੇ ਦਸਿਆ ਕਿ ‘‘ ਪੰਥ ਤੇ ਦੇਸ ਨਾਲ ਸ: ਬਾਦਲ ਨੂੰ ਪਹਿਲਾਂ ਤੋਂ ਹੀ ਪਿਆਰ ਸੀ। ’’ ਉਨ੍ਹਾਂ ਮਹਰੂਮ ਆਗੂ ਦੇ ਕਾਲਜ਼ ਦਿਨਾਂ ਦੀ ਇੱਕ ਘਟਨਾ ਦਸਦਿਆਂ ਕਿਹਾ ਕਿ ‘‘ ਜਦ ਪ੍ਰਕਾਸ਼ ਸਿੰਘ ਬਾਦਲ ਲਾਹੌਰ ਦੇ ਫ਼ੌਰਮੇਨ ਕਾਲਜ਼ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੇਤਾ ਸਿੰਘ ਫ਼ੀਸ ਲੈ ਕੇ ਲਾਹੌਰ ਗਏ ਪਰ ਉਸ ਦੌਰਾਨ ਦੇਸ਼ ਦੀ ਅਜਾਦੀ ਦੀ ਜੰਗ ਆਖ਼ਰੀ ਦੌਰ ਵਿਚ ਚੱਲ ਰਹੀ ਸੀ। ਇਸ ਦੌਰਾਨ ਉੱਘੇ ਪੰਥਕ ਆਗੂ ਗਿਆਨੀ ਕਰਤਾਰ ਸਿੰਘ ਨਾਲ ਨੌਜਵਾਨ ਪ੍ਰਕਾਸ਼ ਸਿੰਘ ਦਾ ਤਾਲਮੇਲ ਬਣਿਆ ਹੋਇਆ ਸੀ, ਜਿੰਨ੍ਹਾਂ ਦਸਿਆ ਸੀ ਕਿ ਪਾਰਟੀ ਲਈ ਪੈਸਿਆਂ ਦੀ ਜਰੂਰਤ ਹੈ ਤੇ ਜਦ ਪ੍ਰਕਾਸ਼ ਸਿੰਘ ਕੋਲ ਫ਼ੀਸ ਪੁੱਜੀ ਤਾਂ ਉਨ੍ਹਾਂ ਉਹ ਸਾਰੀ ਫ਼ੀਸ ਗਿਆਨੀ ਕਰਤਾਰ ਸਿੰਘ ਨੂੰ ਦੇ ਦਿੱਤੀ ਤੇ ਨਾਲ ਹੀ ਉਨ੍ਹਾਂ ਦੇ ਪਿਤਾ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਇਹ ਗੱਲ ਉਸਦੇ ਪਿਤਾ ਸ: ਰਘੂਰਾਜ ਸਿੰਘ ਨੂੰ ਨਾ ਦੱਸਣ, ਬਲਕਿ ਉਸਦੀ ਮਾਤਾ ਜੀ ਨੂੰ ਮਿਲ ਕੇ ਦੁਬਾਰਾ ਫ਼ੀਸ ਲਿਆਉਣ ਲਈ ਕਿਹਾ। ਇਸੇ ਤਰ੍ਹਾਂ ਬਾਦਲ ਪ੍ਰਵਾਰ ਦੇ ਨਾਲ ਦਹਾਕਿਆਂ ਤੋਂ ਪੀੜੀ ਦਰ ਪੀੜੀ ਵਰਤਣ ਵਾਲੇ ਅਕਾਲੀ ਵਰਕਰ ਰਣਯੋਧ ਸਿੰਘ ਲੰਬੀ ਨੇ ਵੀ ਸ: ਬਾਦਲ ਦੀ ਮੌਤ ਨੂੰ ਹਲਕਾ ਲੰਬੀ ਦੇ ਵਰਕਰਾਂ ਲਈ ਇੱਕ ਵੱਡਾ ਸਦਮਾ ਕਰਾਰ ਦਿੰਦਿਆਂ ਕਿਹਾ ਕਿ ‘‘ ਪ੍ਰਕਾਸ਼ ਸਿੰਘ ਬਾਦਲ ਲਈ ਇਕੱਲਾ ਬਾਦਲ ਪ੍ਰਵਾਰ ਨਹੀਂ, ਬਲਕਿ ਪੂਰਾ ਹਲਕਾ ਹੀ ਪਰਿਵਾਰ ਦੀ ਤਰ੍ਹਾਂ ਸੀ ਤੇ ਹਲਕੇ ਦੇ ਲੋਕ ਜਦ ਚਾਹੁੰਣ ਉਨ੍ਹਾਂ ਕੋਲ ਪਹੁੰਚ ਜਾਂਦੇ ਸਨ ਤੇ ਬੇਝਿਜਕ ਹੋ ਕੇ ਕੰਮ ਕਰਵਾ ਲੈਂਦੇ ਸਨ। ’’ ਪਿੰਡ ਬਾਦਲ ਦੇ ਅਵਤਾਰ ਸਿੰਘ ਨੇ ਵੀ ਸ: ਬਾਦਲ ਵਲੋਂ ਪਿੰਡ ’ਚ ਕਰਵਾਏ ਵਿਕਾਸ ਕੰਮਾਂ ਨੂੰ ਯਾਦ ਕਰਦਿਆਂ ਦਸਿਆ ਕਿ ਉਨ੍ਹਾਂ ਦੀ ਖੁਦ ਤਮੰਨਾ ਹੁੰਦੀ ਸੀ ਕਿ ਮੇਰੇ ਪਿੰਡ ’ਚ ਹਰ ਸੁੱਖ ਸਹੂਲਤ ਹੋਵੇ, ਜਿਸਦੇ ਚੱਲਦੇ ਜਦ ਵੀ ਉਹ ਮੁੱਖ ਮੰਤਰੀ ਬਣਦੇ, ਪਿੰਡ ਦੇ ਲਈ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਸਨ।
Share the post "ਬਾਦਲ ਪਿੰਡ ਦੇ ਲੋਕਾਂ ਨੇ ਕਿਹਾ, ਹਮੇਸ਼ਾ ਦਿਲਾਂ ’ਚ ਧੜਕਦਾ ਰਹੇਗਾ ਪ੍ਰਕਾਸ਼ ਸਿੰਘ ਬਾਦਲ"