ਮਾਲਵਾ ’ਚ ਹਜ਼ਾਰਾਂ ਪੋਲ ਅਤੇ ਟ੍ਰਾਂਸਫ਼ਾਰਮ ਟੁੱਟੇ, ਕਰੀਬ 15 ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ
ਹਨੇਰੀ ਦੇ 20 ਘੰਟਿਆਂ ਬਾਅਦ ਵੀ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਬੀਤੀ ਅੱਧੀ ਰਾਤ ਆਏ ਭਿਆਨਕ ਝੱਖੜ ਤੇ ਤੇਜ ਹਨੇਰੀ ਨੇ ਪਾਵਰਕਾਮ ਦਾ ਢਾਂਚਾ ਤਹਿਸ-ਨਹਿਸ ਕਰ ਦਿੱਤਾ ਹੈ। ਇਹ ਹਨੇਰੀ ਤੇ ਝੱਖੜ ਬਿਜਲੀ ਬੋਰਡ ਨੂੰ ਕਰੋੜਾਂ ਰੁਪਇਆ ਵਿਚ ਪੈ ਗਿਆ ਜਦੋਂਕਿ 20 ਘੰਟੇ ਬੀਤਣ ਦੇ ਬਾਵਜੂਦ ਕਈ ਇਲਾਕਿਆਂ ‘ਚ ਹਾਲੇ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਪਾਵਰਕਾਮ ਵਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਇਕੱਲੇ ਮਾਲਵਾ ਪੱਟੀ ’ਚ ਪਾਵਰਕਾਮ ਨੂੰ ਕਰੀਬ 15 ਕਰੋੜ ਦਾ ਨੁਕਸਾਨ ਹੋਇਆ ਹੈ। ਬਠਿੰਡਾ, ਮਾਨਸਾ, ਫ਼ਰੀਦੋਕਟ, ਮੁਕਤਸਰ, ਫ਼ਿਰੋਜਪੁਰ ਅਤੇ ਮੋਗਾ ਇਲਾਵੇ ’ਚ ਮੁਢਲੀਆਂ ਰੀਪੋਰਟਾਂ ਮੁਤਾਬਕ 3100 ਦੇ ਕਰੀਬ ਬਿਜਲੀ ਦੇ ਖੰਬੇ ਟੁੱਟ ਗਏ ਹਨ। ਇੰਨ੍ਹਾਂ ਵਿਚ 9 ਮੀਟਰ ਲੰਮੇ ਖੰਬੇ 3077 ਅਤੇ 11 ਮੀਟਰ ਨੁਕਸਾਨੇ ਲੰਮੇ ਖੰਬਿਆਂ ਦੀ ਗਿਣਤੀ 20 ਦੇ ਕਰੀਬ ਦੱਸੀ ਜਾ ਰਹੀ ਹੈ। 9 ਮੀਟਰ ਦਾ ਇੱਕ ਖੰਬਾਂ ਪਾਵਰਕਾਮ ਨੂੰ ਕਰੀਬ 2600 ਰੁਪਏ ਦਾ ਪੈਂਦਾ ਹੈ। ਜਿਸਦੇ ਚੱਲਦੇ ਝੱਖੜ ਤੇ ਹਨੇਰੀ ਨੇ 80 ਲੱਖ ਰੁਪਏ ਦੀ ਕੀਮਤ ਦੇ ਕਰੀਬ ਖੰਬੇ ਹੀ ਤੋੜ ਦਿੱਤੇ ਹਨ। ਸਭ ਤੋਂ ਜਿਆਦਾ ਨੁਕਸਾਨ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਹੋਇਆ ਹੈ ਜਦੋਂਕਿ ਦੂਜੇ ਸਥਾਨ ਫ਼ਰੀਦਕੋਟ ਡਿਵੀਜਨ ਦਾ ਦਸਿਆ ਜਾ ਰਿਹਾ। ਕੁੱਲ ਨੁਕਸਾਨੇ ਗਏ ਖੰਬਿਆਂ ਵਿਚੋਂ ਇਕੱਲੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ’ਚ 1775 ਖੰਬੇ ਟੁੱਟੇ ਗਏ ਹਨ। ਇਸੇ ਤਰ੍ਹਾਂ ਜੇਕਰ ਟ੍ਰਾਂਸਫ਼ਾਰਮਾਂ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਜੋਨ ਅਧੀਨ ਆਉਂਦੇ ਉਕਤ ਜ਼ਿਲ੍ਹਿਆਂ ਵਿਚ ਕੁੱਲ 819 ਟ੍ਰਾਂਸਫ਼ਾਰਮ ਨੁਕਸਾਨੇ ਗਏ ਹਨ, ਜਿੰਨ੍ਹਾਂ ਵਿਚ 467 ਬਠਿੰਡਾ ਡਿਵੀਜ਼ਨ ਅਧੀਨ ਆਉਂਦੇ ਹਨ। ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਮੁਢਲੀ ਅਸੈਸਮੈਂਟ ਮੁਤਾਬਕ ਸਵਾ ਤਿੰਨ ਕਰੋੜ ਦੇ ਟ੍ਰਾਂਸਫ਼ਾਰਮਰ ਨੁਕਸਾਨੇ ਗਏ ਹਨ। ਇਸਤੋਂ ਇਲਾਵਾ ਦੱਖਣੀ ਜੋਨ ਜਿਸਦੇ ਵਿਚ ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ ਆਦਿ ਜ਼ਿਲ੍ਹੇ ਆਉਂਦੇ ਹਨ, ਵਿਚ ਵੀ ਇੱਕ ਹਜ਼ਾਰ ਦੇ ਕਰੀਬ ਟ੍ਰਾਂਸਫ਼ਾਰਮਰ ਅਤੇ 3000 ਹਜ਼ਾਰ ਦੇ ਕਰੀਬ ਪੋਲ ਟੁੱਟ-ਭੱਜ ਗਏ ਹਨ। ਜਿਸਦੇ ਨਾਲ ਵੱਡਾ ਨੁਕਸਾਨ ਹੋਇਆ ਹੈ। ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ, ਜਿੰਨ੍ਹਾਂ ਵਿਚ ਹਾਈਪਾਵਰ ਤਾਰਾਂ ਵੀ ਸ਼ਾਮਲ ਹਨ, ਟੂੱਟ ਗਈਆਂ। ਮਹਿਕਮੇ ਦੇ ਅਧਿਕਾਰੀਆਂ ਨੇ ਮੰਨਿਆਂ ਕਿ ਇਸ ਹਨੇਰੀ ਨੇ ਇੱਕ ਸਮੇਂ ਪੂਰਾ ਗਰਿੱਡ ਹੀ ਬੰਦ ਕਰ ਦਿੱਤਾ, ਜਿਸਦੇ ਕਾਰਨ ਪੂਰੇ ਦੱਖਣੀ ਮਾਲਵਾ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਭਾਰੀ ਨੁਕਸਾਨ ਨੂੰ ਦੇਖਦਿਆਂ ਪਾਵਰਕਾਮ ਵਲੋਂ ਪੂਰੀ ਤਾਕਤ ਨਾਲ ਪਹੁ ਫੁੱਟਦੇ ਹੀ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਯਤਨ ਵਿੱਢੇ, ਜਿੰਨ੍ਹਾਂ ਵਿਚ ਸਭ ਤੋਂ ਪਹਿਲਾਂ ਵੱਡੇ ਸ਼ਹਿਰਾਂ ਵਿਚ ਸਪਲਾਈ ਨੂੰ ਬਹਾਨ ਕਰਨ ਦੀ ਕੋਸ਼ਿਸ ਕੀਤੀ ਗਈ, ਜਦੋਂਕਿ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਕਈ ਪਿੰਡਾਂ ਵਿਚ ਬਿਜਲੀ ਸਪਲਾਈ ਬੰਦ ਹੋਈ ਨੂੰ 20 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਸੀ। ਪਾਵਰਕਾਮ ਦੇ ਅਧਿਕਾਰੀਆਂ ਨੇ ਮੰਨਿਆਂ ਕਿ ਕੁਦਰਤ ਦੇ ਕਹਿਰ ਕਾਰਨ ਬਿਜਲੀ ਸਪਲਾਈ ਮੁੜ ਬਹਾਲ ਕਰਨ ਵਿਚ ਵੱਡੀਆਂ ਦਿੱਕਤਾਂ ਆ ਰਹੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਯਤਨ ਜਾਰੀ ਹਨ। ਗੌਰਤਲਬ ਹੈ ਕਿ ਇਕੱਲੇ ਪਾਵਰਕਾਮ ਦਾ ਹੀ ਨਹੀਂ, ਬਲਕਿ ਕਿਸਾਨਾਂ ਵਲੋਂ ਖੇਤਾਂ ’ਚ ਸੋਲਰ ’ਤੇ ਲਗਾਈਆਂ ਪਾਣੀ ਵਾਲੀਆਂ ਮੋਟਰਾਂ ਦੀਆਂ ਸੋਲਰ ਪਲੇਟਾਂ ਹਵਾ ’ਚ ਉੱਡ ਗਈਆਂ।
ਤੇਜ ਹਨੇਰੀ ਤੇ ਝੱਖੜ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ ਹੋਇਆ
10 Views