ਸੁਖਜਿੰਦਰ ਮਾਨ
ਬਠਿੰਡਾ, 23 ਮਈ: ਅੱਠ ਸਾਲ ਪਹਿਲਾਂ ਪੰਜਾਬ ਵਿਚ ਸ਼ੁਰੂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਸਾਜਸ਼ਘਾੜੇ ਮੰਨੇ ਜਾਂਦੇ ਸੰਦੀਪ ਬਰੇਟਾ ਨੂੰ ਅੱਜ ਬੰਗਲੁਰੂ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਇੰਨ੍ਹਾਂ ਘਟਨਾਵਾਂ ਦੇ ਪਿੱਛੇ ਮੁੱਖ ਸਾਜਸ਼ ਤੋਂ ਪਰਦਾਫ਼ਾਸ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਸੰਦੀਪ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਅਤਿ ਨਜਦੀਕੀਆਂ ਵਿਚੋਂ ਇੱਕ ਮੰਨਿਆਂ ਜਾਂਦਾ ਹੈ। ਹਾਲਾਂਕਿ ਇਸ ਮਾਮਲੇ ਵਿਚ ਲੋੜੀਦੇ ਉਸਦੇ ਦੋ ਹੋਰ ਸਾਥੀ ਹਰਸ ਧੂਰੀ ਅਤੇ ਪ੍ਰਦੀਪ ਕਲੇਰ ਫ਼ਰਾਰ ਹਨ ਪ੍ਰੰਤੂ ਡੇਰੇ ਦੀ ਕੋਰ ਕਮੇਟੀ ਦਾ ਮੈਂਬਰ ਅਤੇ ਡੇਰਾ ਮੁਖੀ ਦਾ ਵਿਸਵਾਸਪਾਤਰ ਮੰਨਿਆਂ ਜਾਣ ਵਾਲਾ ਸੰਦੀਪ ਵੀ ਬੇਅਦਬੀ ਦੀਆਂ ਘਟਨਾਵਾਂ ਦੀ ਸਾਜਸ਼ ਦਾ ਇੱਕ ਮੁੱਖ ਪਾਤਰ ਹੈ। ਜਿਸਦੇ ਵਿਰੁਧ ਗੁਰੂ ਗਰੰਥ ਸਾਹਿਬ ਨੂੰ ਚੋਰੀ ਕਰਨ, ਭੜਕਾਊ ਪੋਸਟਰ ਲਗਾਉਣ ਅਤੇ ਬਾਅਦ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਤਿੰਨ ਪਰਚੇ ਦਰਜ ਹਨ। ਗੌਰਤਲਬ ਹੈ ਕਿ ਪੰਜਾਬ ਵਿਚ ਬੇਅਦਬੀਆਂ ਦੀ ਸ਼ੁਰੂਆਤ ਵੀ ਇਸੇ ਘਟਨਾ ਤੋਂ ਬਾਅਦ ਹੋਈ ਹੈ, ਜਿਸ ਵਿਚ ਸਾਬਕਾ ਡੀਆਈਜੀ ਰਣਵੀਰ ਸਿੰਘ ਖੱਟੜਾ ਤੇ ਮੌਜੂਦਾ ਆਈ.ਜੀ ਐਸਪੀਐਸ ਪਰਮਾਰ ਵਾਲੀ ਵਿਸੇਸ ਜਾਂਚ ਟੀਮ ਡੇਰਾ ਮੁਖੀ ਉਪਰ ਵੀ ਉਂਗਲ ਉਠਾ ਚੁੱਕੀ ਹੈ। ਦਸਣਾ ਬਣਦਾ ਹੈ ਕਿ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ 14 ਮਈ 2007 ਨੂੰ ਡੇਰਾ ਮੁਖੀ ਵਲੋਂ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਡੇਰਾ ਸਲਾਬਤਪੁਰਾ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਸਵਾਂਗ ਰਚਦਿਆਂ ਜਾਮ-ਏ-ਇੰਸਾਂ ਪਿਲਾਉਣ ਦੀ ਘਟਨਾ ਤੋਂ ਬਾਅਦ ਦੂਰੀਆਂ ਪੈਦਾ ਹੋ ਗਈਆਂ ਸਨ। ਇੰਨ੍ਹਾਂ ਦੂਰੀਆਂ ਕਾਰਨ ਦੋਨਾਂ ਧਿਰਾਂ ਵਿਚਕਾਰ ਟਕਰਾਅ ਵਧਦਾ ਗਿਆ । ਜਿਸਤੋਂ ਬਾਅਦ ਜਿੱਥੈ ਡੇਰਾ ਮੁਖੀ ਦੀ ਪੰਜਾਬ ਵਿਚ ‘ਇੰਟਰੀ’ ਬੰਦ ਹੋ ਗਈ ਸੀ, ਉਥੇ ਉਸਦੀਆਂ ਫ਼ਿਲਮਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਇਸੇ ਤਰ੍ਹਾਂ ਡੇਰੇ ਦੀਆਂ ਨਾਮ ਚਰਚਾਵਾਂ ਕਰਨ ਵਿਰੁੱਧ ਪ੍ਰਦਰਸ਼ਨ ਹੋ ਗਏ ਸਨ। ਜਾਂਚ ਟੀਮ ਦੀ ਰੀਪੋਰਟ ਮੁਤਾਬਕ ਵੀ ਇੰਨ੍ਹਾਂ ਘਟਨਾਵਾਂ ਕਾਰਨ ਹੀ ਡੇਰਾ ਪ੍ਰੇਮੀਆਂ ਨੇ 1 ਜੂਨ 2015 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੂਆਰਾ ਸਾਹਿਬ ਵਿਚੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਨੂੰ ਚੋਰੀ ਕਰ ਲਿਆ ਸੀ। ਜਿਸਨੂੰ ਲੱਭਣ ਲਈ ਤਤਕਾਲੀ ਸਰਕਾਰ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਨੇ ਕੋਈ ਗੰਭੀਰਤਾ ਨਹੀਂ ਦਿਖ਼ਾਈ। ਜਿਸਦੇ ਫ਼ਲਸਰੂਪ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਡੇਰਾ ਪ੍ਰੇਮੀਆਂ ਵਲੋਂ ਨੋਟਿਸ ਲਗਾ ਕੇ ਚਿਪਕਾ ਦਿੱਤੇ ਗਏ ਕਿ ਸਿੱਖਾਂ ਦਾ ਗੁਰੂ ਉਨ੍ਹਾਂ ਦੇ ਕਬਜ਼ੇ ਵਿਚ ਹੈ ਤੇ ਜੇਕਰ ਉਨ੍ਹਾਂ ਵਿਚ ਹਿੰਮਤ ਹੈ ਤਾਂ ਛੁਡਾ ਲੈਣ। ਪ੍ਰੰਤੂ ਪੁਲਿਸ ਫ਼ਿਰ ਵੀ ਟੱਸ ਤੋਂ ਮੱਸ ਨਹੀਂ ਹੋਈ, ਜਿਸਦੇ ਚੱਲਦੇ 14 ਅਕਤੂਬਰ ਨੂੰ ਬਰਗਾੜੀ ਤੇ ਉਕਤ ਪਿੰਡ ਵਿਚ ਚੋਰੀ ਹੋਏ ਗੁਰੂ ਸਾਹਿਬ ਦੇ ਸਰੂਪ ਦੇ ਅੰਗ ਖਿਲਾਰ ਦਿੱਤੇ ਗਏ। ਜਿਸ ਕਾਰਨ ਸਿੱਖਾਂ ਵਿਚ ਰੋਸ ਫੈਲ ਗਿਆ ਤੇ ਬਰਗਾੜੀ ਅਤੇ ਕੋਟਕਪੂਰਾ ਚੌਕ ਵਿਚ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਉਠਾਉਣ ਲਈ ਪੁਲਿਸ ਨੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸਹੀਦ ਕਰ ਦਿੱਤਾ ਤੇ ਪੂਰੇ ਪੰਜਾਬ ਵਿਚ ਮਾਹੌਲ ਤਨਾਅਪੂਰਨ ਹੋ ਗਿਆ ਸੀ। ਉਸਤੋਂ ਬਾਅਦ ਬੇਅਦਬੀ ਦੀਆਂ ਇਹ ਘਟਨਾਵਾਂ ਰੁਕੀਆਂ ਨਹੀਂ, ਬਲਕਿ ਮੋਗਾ ਦੇ ਪਿੰਡ ਮੱਲ ਕੇ ਅਤੇ ਬਠਿੰਡਾ ਜ਼ਿਲ੍ਹੈ ਦੇ ਭਗਤਾ ਨਜਦੀਕ ਵੀ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਕੇ ਸੁੱਟ ਦਿੱਤਾ ਗਿਆ। ਇਸ ਦੌਰਾਨ ਇੰਨ੍ਹਾਂ ਘਟਨਾਵਾਂ ਲਈ ਤਤਕਾਲੀ ਅਕਾਲੀ ਸਰਕਾਰ ਵਲੋਂ ਬਣਾਈ ਜਾਂਚ ਟੀਮ ਵਲੋਂ ਹੀ ਸੰਦੀਪ ਬਰੇਟਾ, ਹਰਸ ਧੂਰੀ, ਪ੍ਰਦੀਪ ਕਲੇਰ ਤੇ ਮਹਿੰਦਰਪਾਲ ਬਿੱਟੂ ਆਦਿ ਡੇਰਾ ਪ੍ਰੇਮੀਆਂ ਨੂੰ ਜਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਹੋਰ ਡੇਰਾ ਪ੍ਰੇਮੀ ਫ਼ੜੇ ਗਏ ਸਨ ਪ੍ਰੰਤੂ ਉਕਤ ਤਿੰਨੋਂ ਗਧੇ ਦੇ ਸਿੰਗ ਵਾਂਗ ਗਾਇਬ ਹੋ ਗਏ ਸਨ, ਜਿੰਨ੍ਹਾਂ ਵਿਚੋਂ ਹੁਣ ਅੱਠ ਸਾਲਾਂ ਬਾਅਦ ਸੰਦੀਪ ਬਰੇਟਾ ਦੇ ਗ੍ਰਿਫਤਾਰ ਹੋਣ ਦੀ ਸੂਚਨਾ ਹੈ।