ਸੁਖਜਿੰਦਰ ਮਾਨ
ਬਠਿੰਡਾ, 25 ਮਈ: ਸੂਗਰਫੈਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੁੜ ਰੰਗਲਾ ਬਣੇਗਾ। ਬਠਿੰਡਾ ਪੁੱਜੇ ਮੁੱਖ ਮੰਤਰੀ ਸ: ਮਾਨ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜਿੰਨ੍ਹਾਂ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ, ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਅਤੇ ਸੂਬੇ ਵਿਚ ਸਿਹਤ ਸਹੂਲਤਾਂ ਅਤੇ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਜਦੋਂਕਿ ਇਸਤੋਂ ਪਹਿਲਾਂ ਰਹੇ ਮੁੱਖ ਮੰਤਰੀ ਅਪਣੇ ਤੇ ਅਪਣੇ ਪ੍ਰਵਾਰਾਂ ਪ੍ਰਤੀ ਹੀ ਚਿੰਤਤ ਰਹੇ। ਚੇਅਰਮੈਨ ਜੀਦਾ ਨੇ ਕਿਹਾ ਕਿ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਇੰਡਸਟਰੀ ਲਿਆਉਣ ਲਈ ਉਚੇਚੇ ਕੰਮ ਕੀਤੇ ਜਾ ਰਹੇ ਹਨ ਜਿਸ ਨਾਲ ਨੌਜਵਾਨਾਂ ਨੂੰ ਰੋਜਗਾਰ ਮਿਲ ਸਕੇ। ਉਹਨਾਂ ਕਿਹਾ ਕਿ ਸਰਕਾਰ ਬਣਿਆਂ ਤਕਰੀਬਨ ਇਕ ਸਾਲ ਹੀ ਹੋਇਆ ਹੈ ਪ੍ਰੰਤੂ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ 90 ਫ਼ੀਸਦੀ ਨੂੰ ਪੂਰਾ ਕੀਤਾ ਗਿਆ ਹੈ। ਜਿਸ ਵਿਚ 600 ਯੂਨਿਟ ਮੁੱਫਤ ਬਿਜਲੀ, ਮਹਿਲਾਵਾਂ ਨੂੰ ਮੁੱਫਤ ਬੱਸ ਸਫ਼ਰ ਅਤੇ ਹਰ ਇਨਸਾਨ ਲਈ ਮੁਹੱਲਾ ਕਲੀਨਿਕ ਵਿਚ ਮੁਫ਼ਤ ਇਲਾਜ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।