ਖਪਤਕਾਰ ਕਮਿਸਨ ਨੇ ਦੁਕਾਨਦਾਰ ਨੂੰ ਸਿਲਾਈ ਸਮੇਤ ਕੱਪੜੇ ਦੇ ਪੈਸੇ ਵਾਪਸ ਕਰਨ ਅਤੇ 3500 ਰੁਪਏ ਹਰਜਾਨਾ ਦੇਣ ਲਈ ਵੀ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਮਈ : ਦੁਕਾਨਦਾਰ ਵਲੋਂ ਵੱਧ ਪੈਸੇ ਲੈ ਕੇ ਘਟੀਆਂ ਗੁਣਵੰਤਾ ਦਾ ਸਮਾਨ ਦੇਣ ਦੇ ਮਾਮਲੇ ਵਿਚ ਮਾਨਸਿਕ ਪੀੜਾ ਝੱਲ ਰਹੇ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸਥਾਨਕ ਜਿਲ੍ਹਾ ਖ਼ਪਤਕਾਰ ਕਮਿਸ਼ਨ ਵਲੋਂ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਹੈ। ਸਥਾਨਕ ਸ਼ਹਿਰ ਦੇ ਧੋਬੀ ਬਜ਼ਾਰ ’ਚ ਸਥਿਤ ਇੱਕ ਪ੍ਰਸਿੱਧ ਕੱਪੜਾ ਵਪਾਰੀ ਵਲੋਂ ਗ੍ਰਾਹਕ ਨੂੰ ਘਟੀਆਂ ਕੁਲਾਅਟੀ ਦਾ ਕੱਪੜਾ ਦੇਣ ਅਤੇ ਬਾਅਦ ਵਿਚ ਸਿਕਾਇਤ ਕਰਨ ‘ਤੇ ਕੋਈ ਸੁਣਵਾਈ ਨਾ ਕਰਨ ਦੇ ਇੱਕ ਮਾਮਲੇ ਵਿਚ ਕਮਿਸ਼ਨ ਕੋਲ ਦਾਈਰ ਕੀਤੀ ਸਿਕਾਇਤ ’ਤੇ ਸੁਣਵਾਈ ਕਰਦਿਆਂ ਉਕਤ ਵਪਾਰੀ ਨੂੰ ਨਾ ਸਿਰਫ਼ ਕੁੜਤਾ-ਪਜ਼ਾਮਾ ਬਣਾਉਣ ਲਈ ਖਰੀਦੇ ਕੱਪੜੇ ਅਤੇ ਉਸਦੀ ਸਿਲਾਈ ਦੇ ਪੈਸੇ 9 ਫ਼ੀਸਦੀ ਵਿਆਜ ਸਹਿਤ ਵਾਪਸ ਕਰਨ ਲਈ ਕਿਹਾ ਹੈ, ਬਲਕਿ ਗ੍ਰਾਹਕ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਤੇ ਕਾਨੂੰਨੀ ਝਮੇਲੇ ਵਿਚ ਉਲਝਣ ਦੇ ਇਵਜ ਵਜੋਂ 3500 ਰੁਪਏ ਹਰਜਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਬਠਿੰਡਾ ਦੇ ਹਸਪਤਾਲ ਬਜ਼ਾਰ ਵਿਚ ਰਹਿਣ ਵਾਲੇ ਭਾਰਤ ਭੂਸਣ ਨਾਂ ਦੇ ਇੱਕ ਨੌਜਵਾਨ ਨੇ ਸਮਾਗਮ ਵਿਚ ਪਾਉਣ ਲਈ 6 ਨਵੰਬਰ 2022 ਨੂੰ ਧੋਬੀ ਬਜ਼ਾਰ ਵਿਚ ਸਥਿਤ ਉੱਘੇ ਗੁਰਦੇਵ ਇਮਪੋਰੀਅਮ ਨਾਂ ਦੀ ਕੱਪੜੇ ਦੀ ਦੁਕਾਨ ਤੋਂ ਕੁੜਤਾ-ਪਜਾਮਾ ਬਣਾਉਣ ਲਈ ਸਾਢੇ ਤਿੰਨ ਮੀਟਰ ਕੱਪੜਾ 2194 ਰੁਪਏ ਦਾ ਲਿਆ ਸੀ। ਇਸ ਕੱਪੜੇ ਦੀ ਸਿਲਾਈ ਉਸਨੇ ਨਾਲ ਹੀ ਸਥਿਤ ਅਜੰਤਾ ਟੇਲਰ ਤੋਂ 997.50 ਰੁਪਏ ਦੇ ਕੇ ਕਰਵਾਈ ਸੀ। ਕੁੜਤਾ ਪਜਾਮਾ ਬਣਨ ਤੋਂ ਬਾਅਦ ਜਦ ਪਹਿਲੀ ਵਾਰ 20 ਨਵੰਬਰ ਨੂੰ ਪਾਇਆ ਗਿਆ ਤਾਂ ਕੁੱਝ ਸਮੇਂ ਬਾਅਦ ਹੀ ਉਹ ਮੋਢਿਆ ਅਤੇ ਕੱਛ ਤੋਂ ਫ਼ਟ ਗਿਆ। ਭਾਰਤ ਭੂਸਣ ਦੀ ਵਕੀਲ ਡਿੰਪਲ ਜਿੰਦਲ ਨੇ ਦਸਿਆ ਜਦ 23 ਨਵੰਬਰ ਨੂੰ ਸਿਕਾਇਤਕਰਤਾ ਸਿਕਾਇਤ ਲੈ ਕੇ ਉਕਤ ਦੁਕਾਨ ’ਤੇ ਗਿਆ ਤਾਂ ਉਸਦੀ ਗੱਲ ਸੁਣਨ ਦੀ ਬਜਾਏ ਉਸਨੂੰ ਕਥਿਤ ਤੌਰ ’ਤੇ ਦੁਕਾਨ ਤੋਂ ਬਾਹਰ ਚਲੇ ਜਾਣ ਲਈ ਕਹਿ ਦਿੱਤਾ। ਜਿਸਦੇ ਚੱਲਦੇ ਉਸਨੇ ਆਪਣੀ ਵਕੀਲ ਡਿੰਪਲ ਜਿੰਦਲ ਦੇ ਰਾਹੀਂ 25 ਨਵੰਬਰ ਨੂੰ ਉਕਤ ਦੁਕਾਨਦਾਰ ਨੂੰ ਕਾਨੂੰਨੀ ਨੋਟਿਸ ਦਿੱਤਾ ਪਰ ਉਸਦਾ ਵੀ ਕੋਈ ਜਵਾਬ ਨਹੀਂ ਆਇਆ।ਜਿਸਤੋਂ ਬਾਅਦ ਅਖੀਰ ਭਾਰਤ ਭੂਸਣ ਵੱਲੋਂ ਵਕੀਲ ਡਿੰਪਲ ਜਿੰਦਲ ਨੇ ਖਪਤਕਾਰ ਕਮਿਸ਼ਨ ਅੱਗੇ ਕੇਸ ਦਾਈਰ ਕੀਤਾ ਗਿਆ। ਇਸ ਕੇਸ ਦੀ ਸੁਣਾਈ ਤੋਂ ਬਾਅਦ ਹੁਣ ਕਮਿਸ਼ਨ ਨੇ ਫੈਸਲਾ ਸੁਣਾਉਂਦਿਆਂ ਗੁਰਦੇਵ ਇਮਪੋਰੀਅਮ ਨੂੰ ਕੱਪੜੇ ਦੀ 2194 ਰੁਪਏ ਕੀਮਤ, 997 ਰੁਪਏ ਸਿਲਾਈ 6 ਨਵੰਬਰ 2022 ਤੋਂ ਹੁਣ ਤੱਕ 9 ਫ਼ੀਸਦੀ ਵਿਆਜ ਸਮੇਤ ਦੇਣ ਤੋਂ ਇਲਾਵਾ 3500 ਰੁਪਏ ਹਰਜਾਨੇ ਵਜੋਂ ਦੇਣ ਦੇ ਵੀ ਹੁਕਮ ਦਿੱਤੇ ਹਨ।
ਪਾਸਪੋਰਟ ਬਣਾਉਣ ਵਿੱਚ ਬੇਲੋੜੀ ਦੇਰੀ ਕਰਨ ਬਦਲੇ ਪਾਸਪੋਰਟ ਦਫਤਰ ਕੀਤਾ ਹਰਜਾਨਾ
ਬਠਿੰਡਾ, 27 ਮਈ : ਬਠਿੰਡਾ ਜ਼ਿਲ੍ਹੇ ਦੇ ਪਿੰਡ ਕਿੱਲਿਆਵਾਲੀ ਦੇ ਇੱਕ ਵਿਦਿਆਰਥੀ ਦੇ ਪਾਸਪੋਰਟ ਬਣਾਉਣ ਵਿਚ ਬੇਲੋੜੀ ਦੇਰੀ ਕਰਨ ਦੇ ਇੱਕ ਮਾਮਲੇ ਵਿਚ ਕੀਤੀ ਸਿਕਾਇਤ ਦੀ ਸੁਣਵਾਈ ਕਰਦਿਆਂ ਸਥਾਨਕ ਜ਼ਿਲਾ ਖ਼ਪਤਕਾਰ ਫ਼ੋਰਮ ਨੇ ਪਾਸਪੋਰਟ ਦਫ਼ਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪੰਜ ਹਜ਼ਾਰ ਰੁਪਏ ਦਾ ਮੁਆਵਜ਼ਾ ਪੀੜਤ ਵਿਦਿਆਰਥੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪਾਸਪੋਰਟ ਦਫ਼ਤਰ ਦੀ ਇਸ ਬੇਲੋੜੀ ਦੇਰੀ ਕਾਰਨ ਕਰੀਬ ਇੱਕ ਸਾਲ ਤੱਕ ਵਿਦੇਸ ਜਾਣ ਦਾ ਚਾਹਵਾਨ ਇਹ ਵਿਦਿਆਰਥੀ ਆਈਲੇਟਸ ਦਾ ਪੇਪਰ ਨਹੀਂ ਦੇ ਸਕਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿਕਾਇਤਕਰਤਾ ਵਿਦਿਆਰਥੀ ਦੇ ਵਕੀਲ ਵਰੁਣ ਬਾਂਸਲ ਨੇ ਦਸਿਆ ਕਿ ਪਵਿੱਤਰ ਸਿੰਘ ਨੇ 12ਵੀਂ ਜਮਾਤ ਤੋਂ ਬਾਅਦ ਵਿਦੇਸ਼ ਵਿਚ ਸੈਟਲ ਹੋਣ ਲਈ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਉਸਨੇ 23 ਦਸੰਬਰ 2020 ਨੂੰ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਸੀ, ਜਿਸਦੇ ਬਦਲੇ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਵਲੋਂ 25 ਜਨਵਰੀ 2021 ਦੀ ਦਸਤਾਵੇਜ਼ ਦੀ ਜਾਂਚ ਲਈ ਤਰੀਕ ਦਿੱਤੀ ਗਈ। ਉਕਤ ਮਿਤੀ ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਵਿਚ ਪੇਸ਼ ਹੋ ਕੇ ਅਪਣੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ। ਜਿਸਤੋਂ ਬਾਅਦ 27 ਜਨਵਰੀ 2021 ਨੂੰ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ। ਪ੍ਰੰਤੂ ਪਾਸਪੋਰਟ ਨਾ ਮਿਲਣ ’ਤੇ 22 ਮਾਰਚ 2021 ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ, ਜਿਸਦੇ ਜਵਾਬ ਵਿਚ 23 ਮਾਰਚ 2021 ਨੂੰ ਦਫ਼ਤਰ ਨੇ ਦਸਿਆ ਕਿ ਉਸਦਾ ਦਸਵੀਂ ਦਾ ਸਰਟੀਫਿਕੇਟ ਜਾਂਚ ਲਈ ਬੋਰਡ ਦਫ਼ਤਰ ਪੰਚਕੂਲਾ ਭੇਜਿਆ ਹੋਇਆ ਹੈ। ਜਿਸਦੇ ਚੱਲਦੇ ਸਿਕਾਇਤਕਰਤਾ ਉਕਤ ਦਫ਼ਤਰ ਵੀ ਗਿਆ, ਜਿਥੇ ਪਤਾ ਚੱਲਿਆ ਕਿ 13 ਅਪ੍ਰੈਲ 2021 ਨੂੰ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕਰਕੇ ਪਾਸਪੋਰਟ ਦਫ਼ਤਰ ਨੂੰ ਭੇਜ ਦਿੱਤੀ ਹੈ। ਜਿਸਤੋਂ ਬਾਅਦ ਕਾਫ਼ੀ ਉਡੀਕ ਕਰਨ ਤੋਂ ਬਾਅਦ 31 ਮਈ 2021 ਨੂੰ ਮੁੜ ਪਵਿੱਤਰ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ ਅਤੇ ਅਪਣਾ ਪਾਸਪੋਰਟ ਜਾਰੀ ਕਰਨ ਦੀ ਮੰਗ ਕੀਤੀ। ਇਸਤੋਂ ਇਲਾਵਾ ਜੁਲਾਈ 2021 ਵਿਚ ਅਪਣੇ ਪਾਸਪੋਰਟ ਦਾ ਸਟੇਟਸ ਪਤਾ ਕਰਨ ਲਈ ਆਰਟੀਆਈ ਵੀ ਪਾਈ ਗਈ ਪ੍ਰੰਤੂ ਉਸਦਾ ਵੀ ਜਵਾਬ ਨਹੀਂ ਦਿੱਤਾ। ਅਖੀਰ 2 ਸਤੰਬਰ 2021 ਨੂੰ ਉਸਦਾ ਪਾਸਪੋਰਟ ਭੇਜਿਆ ਗਿਆ, ਜਿਸਤੋਂ ਬਾਅਦ ਉਸ ਵਲੋਂ ਆਈਲੇਟਸ ਦੀ ਮੁੜ ਤਿਆਰੀ ਕਰਕੇ ਪੇਪਰ ਦਿੱਤਾ ਗਿਆ। ਇੰਨੀਂ ਖੱਜਲ ਖੁਆਰੀ ਤੇ ਮਾਨਸਿਕ ਪ੍ਰੇਸਾਨੀ ਝੱਲਣ ਦੇ ਕਾਰਨ ਪਵਿੱਤਰ ਸਿੰਘ ਵਲੋਂ ਅਪਣੇ ਵਕੀਲ ਵਰੁਣ ਬਾਂਸਲ ਰਾਹੀਂ ਖਪਤਕਾਰ ਫ਼ੋਰਮ ਬਠਿੰਡਾ ਵਿੱਚ ਕੇਸ ਦਾਇਰ ਕੀਤਾ। ਇਸ ਕੇਸ ਵਿੱਚ ਹੋਈ ਸੁਣਵਾਈ ਤੋਂ ਬਾਅਦ ਹੁਣ ਫ਼ੋਰਮ ਨੇ ਪਾਸਪੋਰਟ ਦਫ਼ਤਰ ਨੂੰ 5000/- ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
Share the post "ਮਾੜਾ ਕੱਪੜਾ ਦੇਣ ਵਾਲੇ ਬਠਿੰਡਾ ਦੇ ਮਸ਼ਹੂਰ ਵਪਾਰੀ ਨੂੰ ਦੇਣਾ ਪਵੇਗਾ ਮੁਆਵਜ਼ਾ"