ਮੁਜਰਮ ਵਿਰੁਧ ਪਹਿਲਾਂ ਵੀ ਡੇਢ ਦਰਜ਼ਨ ਤੋਂ ਵੱਧ ਮੁਕੱਦਮੇ ਦਰਜ਼, ਪੰਜ ਸਾਲਾਂ ਤੋਂ ਜੇਲ੍ਹ ’ਚ ਬੰਦ
ਸੁਖਜਿੰਦਰ ਮਾਨ
ਬਠਿੰਡਾ , 30 ਮਈ: ਫ਼ਿਰੋਜਪੁਰ ਦੀ ਕੇਂਦਰੀ ਜੇਲ੍ਹ ’ਚ ਬੰਦ ਇੱਕ ਖ਼ਤਰਨਾਕ ਮੁਜਰਮ ਵਲੋਂ ਜੇਲ੍ਹ ’ਚ ਬੈਠਿਆਂ ਹੀ ਯੂ.ਪੀ ਤੋਂ ਅਸਲਾ ਖਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਸੀਆਈਏ ਸਟਾਫ਼ ਨੇ ਸੂਹ ਮਿਲਦਿਆਂ ਹੀ ਮੁਜਰਮ ਨੂੰ ਥਾਣਾ ਥਰਮਲ ’ਚ ਦਰਜ਼ ਇੱਕ ਹੋਰ ਮਾਮਲੇ ’ਚ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਦੋਨਾਂ ਪਿਸਤੌਲਾਂ ਨੂੰ ਬਰਾਮਦ ਕਰਵਾਇਆ ਹੈ। ਇਸ ਮੁਜਰਮ ਦੀ ਪਹਿਚਾਣ ਰਾਕੇਸ ਕੁਮਾਰ ਉਰਫ਼ ਕਾਕੂ ਵਾਸੀ ਖੇਤਾ ਸਿੰਘ ਬਸਤੀ ਦੇ ਤੌਰ ’ਤੇ ਹੋਈ ਹੈ, ਜਿਹੜਾ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿਚ ਹੀ ਬੰਦ ਹੈ। ਇਹ ਵੀ ਪਤਾ ਚੱਲਿਆ ਹੈ ਕਿ ਕਾਕੂ ਵਿਰੁਧ ਕਤਲ ਤੇ ਇਰਾਦਾ ਕਤਲ ਸਹਿਤ ਹੋਰਨਾਂ ਖ਼ਤਰਨਾਕ ਧਾਰਾਵਾਂ ਸਹਿਤ ਵੱਖ ਵੱਖ ਥਾਣਿਆਂ ’ਚ ਕਰੀਬ ਡੇਢ ਦਰਜ਼ਨ ਮਾਮਲੇ ਦਰਜ਼ ਹਨ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਾਕੂ ਨੂੰ ਥਾਣਾ ਥਰਮਲ ’ਚ 28 ਨਵੰਬਰ 2022 ਨੂੰ ਨਸ਼ਾ ਤਸਕਰੀ ਦੇ ਦਰਜ਼ ਇੱਕ ਮੁਕੱਦਮੇ ’ਚ ਜੇਲ੍ਹ ਅੰਦਰੋਂ ਪ੍ਰੋਡਕਸ਼ਨ ਵਰੰਟ ਉਪਰ ਲਿਆਂ ਗਿਆ ਸੀ। ਇਸ ਦੌਰਾਨ ਕੀਤੀ ਪੁਛਗਿਛ ਦੌਰਾਨ ਉਸਨੇ ਜੇਲ੍ਹ ਅੰਦਰੋਂ ਬੈਠਿਆਂ ਹੀ ਯੂ.ਪੀ ਵਿਚੋਂ ਦੋ ਪਿਸਤੌਲ ਮੰਗਵਾਉਣ ਬਾਰੇ ਵੀ ਖੁਲਾਸਾ ਕੀਤਾ। ਉਸਦੇ ਖੁਲਾਸੇ ਦੇ ਆਧਾਰ ’ਤੇ ਪੁਲਿਸ ਟੀਮ ਨੇ ਇੱਕ 32 ਬੋਰ ਪਿਸਤੌਲ ਅਤੇ ਇੱਕ 315 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਕਰਵਾ ਲਏ ਹਨ। ਸੀਆਈਏ ਸਟਾਫ਼ ਦੇ ਇੰਚਾਰਜ਼ ਨੇ ਦਸਿਆ ਕਿ ਕਥਿਤ ਦੋਸ਼ੀ ਤੋਂ ਹੋਰ ਪੁਛਗਿਛ ਲਈ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਕਿ ਉਸਨੇ ਇਹ ਪਿਸਤੌਲ ਕਿਸ ਕੋਲੋ ਮੰਗਵਾਏ ਸਨ ਤੇ ਇਸਦੇ ਨਾਲ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਬਾਕਸ
100 ਗ੍ਰਾਂਮ ਹੈਰੋਇਨ ਸਹਿਤ ਤਿੰਨ ਕਾਬੂ
ਬਠਿੰਡਾ: ਉਧਰ ਇੱਕ ਹੋਰ ਮਾਮਲੇ ਵਿਚ ਸੀਆਈਏ ਟੀਮ ਨੇ ਸਥਾਨਕ ਨਹਿਰ ਦੇ ਨਜਦੀਕ ਇੱਕ ਆਈ. 20 ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿੰਨਾਂ ਦੇ ਕੋਲੋ 100 ਗ੍ਰਾਂਮ ਅਫ਼ੀਮ ਬਰਾਮਦ ਹੋਈ ਹੈ। ਇੰਨ੍ਹਾਂ ਵਿਚੋਂ ਦੋ ਨੌਜਵਾਨ ਜੀਰਾ ਤੋਂ ਇਹ ਹੈਰੋਇਨ ਦੀ ਸਪਲਾਈ ਦੇਣ ਆਏ ਸਨ ਜਦੋਂਕਿ ਰਣਜੀਤ ਸਿੰਘ ਵਾਸੀ ਟੀਚਰਜ਼ ਕਲੌਨੀ ਨਾਂ ਦੇ ਤੀਜੇ ਨੌਜਵਾਨ ਨੇ ਇਹ ਸਪਲਾਈ ਹਾਸਲ ਕੀਤੀ ਸੀ। ਹੈਰੋਇਨ ਦੀ ਸਪਲਾਈ ਦੇਣ ਆਏ ਦੂਜੇ ਦੋਨਾਂ ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਦੇ ਤੌਰ ’ਤੇ ਹੋਈ ਹੈ।
Share the post "ਜੇਲ੍ਹ ’ਚ ਬੈਠੇ ਨੇ ਯੂੁ.ਪੀ ਤੋਂ ਮੰਗਵਾਏ ਪਿਸਤੌਲ, ਪੁਲਿਸ ਨੇ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਕਰਵਾਏ ਬਰਾਮਦ"