ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਸੰਯੁਕਤ ਕਿਸਾਨ ਮੋਰਚਾ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਬਠਿੰਡਾ ਵਿਖੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਰਾਸ਼ਟਰਪਤੀ ਦੇ ਨਾਮ ਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਦੇਸ਼ ਦਾ ਮਾਣ ਮਹਿਲਾ ਪਹਿਲਵਾਨ ਜਿੰਨਾਂ ਨੇ ਦੇਸ਼ ਦੀ ਝੋਲੀ ਅਨੇਕਾਂ ਮੈਡਲ ਪਾਏ।ੁਹਨਾਂ ਦੇ ਨਾਲ ਕੁਸ਼ਤੀ ਫੈਡਰੇਸ਼ਨ ਵੱਲੋਂ ਬਦਸਲੂਕੀ ਕੀਤੀ ਗਈ।ਜਿਸ ਸਬੰਧੀ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਐਫ਼ ਆਈ ਆਰ ਵੀ ਦਰਜ਼ ਹੋ ਚੁੱਕੀ ਹੈ।ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਮਹਿਲਾਂ ਪਹਿਲਵਾਨਾਂ ਵੱਲੋਂ ਯੰਤਰ ਮੰਤਰ ਦਿੱਲੀ ਵਿਖੇ ਸਵਾ ਮਹੀਨਾ ਸੰਘਰਸ਼ ਲੜਿਆ ਗਿਆ।ਪਰ ਕੇਂਦਰ ਸਰਕਾਰ ਵੱਲੋਂ ਮਹਿਲਾ ਪਹਿਲਵਾਨਾਂ ਦੀ ਗੱਲ ਸੁਣਨ ਦੀ ਬਜਾਏ 28 ਮਈ ਨੂੰ ਦੇਸ਼ ਦਾ ਮਾਣ ਇਹਨਾਂ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਰੋਲਿਆ ਗਿਆ ਅਤੇ ਪੁਲੀਸ ਕੇਸ ਦਰਜ਼ ਕੀਤੇ ਗਏ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਰੁੰਤ ਕੇਂਦਰ ਸਰਕਾਰ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਜੰਤਰ ਮੰਤਰ ਤੇ ਧਰਨਾ ਦੇਣ ਦੀ ਇਜਾਜ਼ਤ ਦੇਵੇ,28 ਮਈ ਨੂੰ ਜਿਹੜੇ ਪੁਲੀਸ ਅਫ਼ਸਰਾਂ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਦੁਰਵਿਹਾਰ ਕੀਤਾ ਹੈ ਉਹਨਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਅੱਜ ਇਸ ਮੌਕੇ ਬਲਕਰਨ ਸਿੰਘ ਕੁਲ ਹਿੰਦ ਕਿਸਾਨ ਸਭਾ,ਸਰੂਪ ਸਿੰਘ ਰਾਮਾ, ਸੂਬਾ ਜਨਰਲ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ, ਗਗਨਦੀਪ ਸਿੰਘ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ, ਬਲਦੇਵ ਸਿੰਘ ਬੀ ਕੇ ਯੂ ਏਕਤਾ ਡਕੌਂਦਾ, ਬਖਸ਼ੀਸ਼ ਸਿੰਘ ਕਿਰਤੀ ਕਿਸਾਨ ਯੂਨੀਅਨ, ਮਲਕੀਅਤ ਸਿੰਘ ਜਮਹੂਰੀ ਕਿਸਾਨ ਸਭਾ, ਰਜਿੰਦਰ ਸਿੰਘ ਪੰਜਾਬ ਸਟੂਡੈਂਟ ਯੂਨੀਅਨ ਅਤੇ ਬਲਵਿੰਦਰ ਸਿੰਘ ਬੀ ਕੇ ਯੂ ਮਾਨਸਾ ਆਗੂ ਹਾਜ਼ਰ ਸਨ।ਅੱਜ ਦੀ ਸਟੇਜ ਦੀ ਕਾਰਵਾਈ ਨੈਬ ਸਿੰਘ ਨੇ ਚਲਾਈ।
ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਨਿੱਤਰੀਆਂ ਜਨਤਕ ਜਥੇਬੰਦੀਆਂ
6 Views