ਸ਼ਹਿਰ ’ਚ ਥਾਂ-ਥਾਂ ਨਾਕੇਬੰਦੀ ਤੇ ਚੈਕਿੰਗ ਕਰਨ ਤੋਂ ਇਲਾਵਾ ਧਮਕੀ ਵਾਲੀਆਂ ਥਾਵਾਂ ’ਤੇ ਰਹੇ ਸਖ਼ਤ ਪ੍ਰਬੰਧ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਪਿਛਲੇ ਦਿਨੀਂ ਕੁੱਝ ਅਗਿਆਤ ਵਿਅਕਤੀਆਂ ਵਲੋਂ ਇੱਕ ਪੱਤਰ ਲਿਖਕੇ ਬਠਿੰਡਾ ਸ਼ਹਿਰ ਤੇ ਇਸਦੇ ਆਸਪਾਸ ਇਲਾਕਿਆਂ ਵਿਚ 7 ਜੂਨ ਨੂੰ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪੁਲਿਸ ਸਾਰਾ ਦਿਨ ਇੱਕ ਲੱਤ ’ਤੇ ਖੜ੍ਹੀ ਦਿਖਾਈ ਦਿੱਤੀ। ਖੁਦ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਸਾਰਾ ਦਿਨ ਗਤੀਸ਼ੀਲ ਰਹੇ ਤੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਧਮਾਕਿਆਂ ਲਈ ਦੱਸੀਆਂ ਥਾਵਾਂ ‘ਤੇ ਪੁਲਿਸ ਵਲੋਂ ਸੁਰੱਖਿਆ ਦੇ ਵਿਸੇਸ ਪ੍ਰਬੰਧ ਕੀਤੇ ਗਏ। ਇੱਥੋ ਤੱਕ ਕਿ ਇਤਿਹਾਸਕ ਕਿਲਾ ਮੁਬਾਰਕ ਵਿਖੇ ਵਿਸੇਸ ਤੌਰ ’ਤੇ ਮੈਟਲ ਡਿਕਟੇਟਰ ਲਗਾਇਆ ਗਿਆ, ਜਿੱਥੇ ਤਲਾਸੀ ਤੋਂ ਬਾਅਦ ਹਰ ਰੋਜ਼ ਆਉਣ ਵਾਲੇ ਸੈਕੜੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੈਕਿੰਗ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਗਿਆ। ਇਸੇ ਤਰ੍ਹਾਂ ਸ਼ਹਿਰ ਦੀਆਂ ਜਨਤਕ ਥਾਵਾਂ, ਜਿੰਨ੍ਹਾਂ ਵਿਚ ਰੇਲਵੇ ਸਟੈਸ਼ਨ ਤੇ ਬੱਸ ਸਟੈਂਡ ਆਦਿ ਸ਼ਾਮਲ ਹਨ, ਵਿਚ ਵੀ ਬੰਬ ਨਿਰੋਧਕ ਦਸਤਿਆਂ ਤੇ ਪੁਲਿਸ ਮੁਲਾਜਮਾਂ ਵਲੋਂ ਬਰੀਕੀ ਨਾਲ ਤਲਾਸੀ ਲਈ ਗਈ ਅਤੇ ਯਾਤਰੂਆਂ ਦਾ ਸਮਾਨ ਵੀ ਦੇਖਿਆ ਗਿਆ। ਸ਼ਹਿਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਉਪਰ ਵੀ ਪੁਲਿਸ ਦੀ ਨਜ਼ਰ ਬਣੀ ਰਹੀ। ਇਸਤੋਂ ਇਲਾਵਾ ਸ਼ਹਿਰ ਵਿਚ ਥਾਂ-ਥਾਂ ਨਾਕੇਬੰਦੀ ਕਰਕੇ ਚੈਕਿੰਗ ਮੁਹਿੰਮ ਵੀ ਚਲਾਈ ਗਈ। ਸ਼ਹਿਰ ਵਿਚ ਥਾਂ-ਥਾਂ ਭਾਰੀ ਗਿਣਤੀ ਵਿਚ ਸਵੇਰ ਤੋਂ ਹੀ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਸਨ ਅਤੇ ਸ਼ੱਕੀ ਵਿਅਕਤੀਆਂ ਉਪਰ ਵੀ ਵਿਸੇਸ ਨਿਗ੍ਹਾਂ ਰੱਖੀ ਗਈ। ਐਸ.ਐਸ.ਪੀ ਸ: ਖੁਰਾਣਾ ਨੇ ਦਸਿਆ ਕਿ ਧਮਕੀ ਦੇ ਮੱਦੇਨਜ਼ਰ ਵਿਸੇਸ ਚੌਕਸੀ ਰੱਖੀ ਜਾ ਰਹੀ ਹੈ, ਕਿਉਂਕਿ ਪੁਲਿਸ ਦਾ ਮੁੱਖ ਮਕਸਦ ਗੈਰ ਸਮਾਜੀ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮਯਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਅੱਜ ਪੂਰਾ ਦਿਨ ਸ਼ਾਂਤੀ ਬਣੀ ਰਹੀ। ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਲਾਲ ਸਿਆਹੀ ਨਾਲ ਇੱਕ ਪੱਤਰ ਲਿਖਕੇ ਪੁਲਿਸ ਅਧਿਕਾਰੀਆਂ, ਸਾਬਕਾ ਵਿਧਾਇਕ ਤੇ ਕੁੱਝ ਵਪਾਰੀਆਂ ਨੂੰ ਧਮਕੀ ਦਿੱਤੀ ਗਈ ਸੀ ਕਿ 7 ਜੂਨ ਨੂੰ ਬਠਿੰਡਾ ਵਿਚ ਕਰੀਬ ਦਸ ਥਾਵਾਂ, ਜਿੰਨ੍ਹਾਂ ਵਿਚ ਕਿਲਾ ਮੁਬਾਰਕ, ਰੇਲਵੇ ਸਟੇਸ਼ਨ, ਐਸਐਸਪੀ ਦਫ਼ਤਰ, ਆਦੇਸ਼ ਹਸਪਤਾਲ, ਆਈ.ਟੀ.ਆਈ., ਤੇਲ ਡਿੱਪੂ , ਮਿੱਤਲ ਮਾਲ, ਨਵੀਂ ਕਾਰ ਪਾਰਕਿੰਗ ਤੇ ਨਿਰੰਕਾਰੀ ਭਵਨ ਆਦਿ ਵਿਖੇ ਬੰਬ ਧਮਾਕੇ ਕੀਤੇ ਜਾਣਗੇ। ਇਸ ਮਾਮਲੇ ਵਿਚ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁਧ ਥਾਣਾ ਸਿਵਲ ਲਾਈਨ ਪੁਲਿਸ ਨੇ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਬੰਬ ਧਮਾਕਿਆਂ ਦੀ ਧਮਕੀ : ਬਠਿੰਡਾ ਪੁਲਿਸ ਸਾਰਾ ਦਿਨ ਇੱਕ ਲੱਤ ’ਤੇ ਖੜੀ ਰਹੀ
10 Views