ਝੋਨੇ ਦੀ ਪਰਾਲੀ ਦੇ ਅਗਾਊਂ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੇ ਪ੍ਰਬੰਧਨ ਸਬੰਧੀ ਅਗਾਊਂ ਲੋੜੀਂਦੇ ਐਕਸ਼ਨ ਪਲਾਨ ਤਿਆਰ ਕਰਨ ਬਾਰੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਬਦਲਵੇਂ ਹੱਲ ਲਈ ਉਦਯੋਗਿਕ ਸੰਸਥਾਵਾਂ ਦੇ ਮੁਖੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਲਈ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ, ਬੇਲਰ ਮਾਲਕਾਂ, ਕਲੱਸਟਰ ਅਫ਼ਸਰਾਂ, ਨੋਡਲ ਅਫ਼ਸਰਾਂ ਅਤੇ ਅਗਾਂਹਵਧੂ ਕਿਸਾਨਾਂ ਆਦਿ ਨਾਲ ਹਰ 10-15 ਦਿਨਾਂ ਬਾਅਦ ਮੀਟਿੰਗ ਕਰਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਅਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਜ਼ਿਲ੍ਹੇ ਭਰ ਚ ਸਾਉਣੀ 2023 ਦੌਰਾਨ ਕਰੀਬ 2.32 ਲੱਖ ਹੈਕਟੇਅਰ ਰਕਬਾ ਝੋਨੇ ਦੀ ਫ਼ਸਲ ਅਧੀਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 8200 ਇੰਨਸੀਟੂ ਮਸ਼ੀਨਰੀ (ਜੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦਿੰਦੀ ਹੈ) ਅਤੇ 125 ਐਕਸੀਟੂ ਮਸ਼ੀਨਰੀ (ਜੋ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਕੇ ਗੱਠਾ ਬਣਾ ਕੇ ਖੇਤਾਂ ਵਿੱਚੋਂ ਬਾਹਰ ਕੱਢਣ ਵਿੱਚ ਸਹਾਈ ਹੁੰਦੀ ਹੈ) ਮੌਜੂਦ ਹੈ। ਇਸ ਮਸ਼ੀਨਰੀ ਨਾਲ ਕਰੀਬ 2.22 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਕੁੱਲ 18 ਕਲੱਸਟਰ ਅਫ਼ਸਰ ਅਤੇ 249 ਨੋਡਲ ਅਫ਼ਸਰ ਸਬੰਧਤ ਉਪ ਮੰਡਲ ਮੈਜਿਸਟਰੇਟ ਦੁਆਰਾ ਨਿਯੁਕਤ ਕੀਤੇ ਗਏ ਹਨ।ਇਸ ਮੌਕੇ ਏਡੀਸੀ (ਜਨਰਲ) ਮੈਡਮ ਪੱਲਵੀ ਚੌਧਰੀ, ਏਡੀਸੀ(ਵਿਕਾਸ) ਮੈਡਮ ਲਵਜੀਤ ਕਲਸੀ, ਐਸਡੀਐਮ ਮੌੜ ਵਰਿੰਦਰ ਸਿੰਘ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਰਾਮਪੁਰਾ ਫੂਲ ਓਮ ਪ੍ਰਕਾਸ਼, ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
Share the post "ਪਿੰਡ ਪੱਧਰ ’ਤੇ ਕੈਂਪ ਲਗਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਵੇ ਜਾਗਰੂਕ :ਡਿਪਟੀ ਕਮਿਸ਼ਨਰ"