ਡੇਂਗੂ ਦੇ ਲੱਛਣ ਪਾਏ ਜਾਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਕੀਤਾ ਜਾਵੇ ਸੰਪਰਕ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਇੱਥੇ ਡੇਂਗੂ, ਯੂ-ਵਿਨ ਪੋਰਟਲ ਅਤੇ ਮਿਸ਼ਨ ਇੰਦਰਧਨੁਸ਼ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤੀ ਗਈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਇਨ੍ਹਾਂ ਵਿਸ਼ੇਸ਼ ਮੁਹਿੰਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਂਦਿਆਂ ਆਪਣੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ 100 ਪ੍ਰਤੀਸ਼ਤ ਟੀਕਾਕਰਣ ਜ਼ਰੂਰ ਕਰਵਾਉਣ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਰਸਾਤਾਂ ਦੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਦੇਖਦਿਆਂ ਵੱਖ-ਵੱਖ ਅਧਿਕਾਰੀਆਂ ਨੂੰ ਕਿਹਾ ਕਿ ਡੇਂਗੂ ਨੂੰ ਕੰਟਰੋਲ ਕਰਨ ਲਈ ਸਮੂਹ ਵਿਭਾਗ ਸਿਹਤ ਵਿਭਾਗ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਅਧਿਕਾਰੀ/ਕਰਮਚਾਰੀ ਆਪਣੇ ਦਫ਼ਤਰ, ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਯਕੀਨੀ ਬਣਾਉਣ ਅਤੇ ਜੇਕਰ ਕਿਤੇ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਨਾਲ ਸੰਪਰਕ ਕਰਦਿਆਂ ਇਸ ਨੂੰ ਨਸ਼ਟ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਬੁਖਾਰ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ । ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਰ ਹਫ਼ਤੇ ਇੱਕ ਦਿਨ ਡਰਾਈ ਡੇਅ ਵਜੋਂ ਮਨਾਇਆ ਜਾਵੇ। ਘਰਾਂ, ਦੁਕਾਨਾਂ ਜਾਂ ਦਫ਼ਤਰ ਆਦਿ ਵਿੱਚ ਮੌਜੂਦ ਕੂਲਰਾਂ, ਫਰਿਜ਼ ਦੀ ਟਰੇਅ, ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ, ਛੱਤਾਂ ਤੇ ਪਾਣੀ ਦੀ ਟੈਂਕੀਆਂ, ਪਸ਼ੂਆਂ ਦੇ ਪੀਣ ਵਾਲੇ ਪਾਣੀ ਵਾਲੀਆਂ ਟੈਂਕੀਆਂ, ਕਬਾੜ, ਟੁੱਟੇ ਘੜੇ ਆਦਿ ਦੀ ਸਫ਼ਾਈ ਕੀਤੀ ਜਾਵੇ ਅਤੇ ਘਰ ਵਿੱਚ ਵਾਧੂ ਪਏ ਕਬਾੜ ਦਾ ਸਮਾਨ ਨਾ ਰੱਖਿਆ ਜਾਵੇ।ਇਸ ਮੌਕੇ ਡਾ. ਮੀਨਾਕਸ਼ੀ ਸਿੰਗਲਾ ਅਤੇ ਡਾ. ਮੇਘਾ ਪ੍ਰਕਾਸ਼ ਨੇ ਯੂ-ਵਿਨ ਐਪ ਅਤੇ ਮਿਸ਼ਨ ਇੰਦਰ ਧਨੁਸ਼ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਦੀ ਮੱਦਦ ਨਾਲ ਹੁਣ ਤੋਂ ਬੱਚਿਆਂ ਦੇ ਟੀਕਾਕਰਣ ਦਾ ਸਾਰਾ ਡਾਟਾ ਅੱਪਲੋਡ ਕੀਤਾ ਜਾਵੇਗਾ। ਜਿਸ ਨਾਲ ਹਰੇਕ ਬੱਚੇ ਦੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗ?ਹਾ ਤੇ ਇੰਟਰਨੈਟ ਦੀ ਮੱਦਦ ਨਾਲ ਹਾਸਿਲ ਕੀਤਾ ਜਾ ਸਕੇਗਾ ਅਤੇ ਟੀਕਾਕਰਣ ਵਿੱਚ ਆਸਾਨੀ ਹੋ ਸਕੇਗੀ। ਇਸ ਦੀ ਮੱਦਦ ਨਾਲ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਵੀ ਪ੍ਰਿੰਟ ਕੀਤੇ ਜਾ ਸਕਣਗੇ।ਉਨ੍ਹਾਂ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ ਦਾ ਮਕਸਦ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 100 ਪ੍ਰਤੀਸ਼ਤ ਟੀਕਾਕਰਣ ਯਕੀਨੀ ਬਨਾਉਣਾ ਹੈ, ਤਾਂ ਕਿ ਬੱਚਿਆਂ ਅਤੇ ਮਾਤਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਮਿਸ਼ਨ 3 ਪਾੜਾਵਾਂ ਵਿੱਚ ਚਲਾਇਆ ਜਾ ਰਿਹਾ ਹੈ। ਪਹਿਲਾਂ ਪੜ੍ਹਾਅ 12 ਅਗਸਤ ਤੋਂ, ਦੂਜਾ ਪੜਾਅ 11 ਸਤੰਬਰ ਤੋਂ ਅਤੇ ਤੀਜਾ ਪੜਾਅ 9 ਅਕਤੂਬਰ ਤੋਂ ਸ਼ੁਰੂ ਹੋ ਕੇ ਲਗਾਤਾਰ 6 ਦਿਨ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਅਧੀਨ ਝੁੱਗੀ ਝੌਂਪੜੀਆਂ, ਇੱਟਾ ਦੇ ਭੱਠੇ, ਗੁੱਜਰਾਂ ਦੇ ਡੇਰੇ, ਸ਼ੈਲਰ, ਉਸਾਰੀ ਅਧੀਨ ਬਿਲਡਿੰਗਾਂ, ਪ੍ਰਵਾਸੀ ਲੋਕਾਂ ਦੇ ਬੱਚੇ ਅਤੇ ਗਰਭਵਤੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ, ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ਼ਿਵਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ:) ਮੈਡਮ ਭੁਪਿੰਦਰ ਕੌਰ, ਡਾ. ਰੂਪਾਲੀ, ਡਾ. ਮਯੰਕਜੋਤ ਸਿੰਘ, ਜ਼ਿਲ੍ਹੇ ਦੇ ਸਮੂਹ ਪ੍ਰੋਗ੍ਰਾਮ ਅਫ਼ਸਰ, ਸੀਨੀਅਰ ਮੈਡੀਕਲ ਅਫ਼ਸਰ, ਪੈਰਾਮੈਡੀਕਲ ਸਟਾਫ਼ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Share the post "ਡੇਂਗੂ ਵਿਰੋਧੀ ਗਤੀਵਿਧੀਆਂ ਤੇ ਜਾਗਰੂਕਤਾ ਵਿੱਚ ਲਿਆਂਦੀ ਜਾਵੇ ਹੋਰ ਤੇਜ਼ੀ : ਸ਼ੌਕਤ ਅਹਿਮਦ ਪਰੇ"