ਸਮੂਹ ਵਿਭਾਗਾਂ ਵਿੱਚ ਲੋੜੀਂਦੇ ਸਟਾਫ਼ ਦੀ ਕੀਤੀ ਰੈਗੂਲਰ ਭਰਤੀ ਕਰਨ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਨੂੰ ਗੈਰ-ਵਿਦਿਅਕ ਕੰਮਾਂ ਤੋਂ ਭਾਰ ਮੁਕਤ ਕਰਨ ਲਈ ਸਰਕਾਰ ਵਲੋਂ 150 ਕੈਪਸ ਮੈਨੇਜਰ ਭਰਤੀ ਕੀਤੇ ਜਾਣ ਸੰਬੰਧੀ ਜਾਰੀ ਕੀਤੇ ਇਸ਼ਤਿਹਾਰ ਉੱਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਇਕਾਈ ਬਠਿੰਡਾ ਨੇ ਸਖ਼ਤ ਇਤਰਾਜ਼ ਪ੍ਰਗਾਟਾਇਆ ਹੈ। ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ, ਜਗਪਾਲ ਸਿੰਘ ਬੰਗੀ,ਬੇਅੰਤ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਖਾਲੀ ਪਈਆਂ ਹਜ਼ਾਰਾਂ ਨਾਨ ਟੀਚਿੰਗ ਦੀਆਂ ਅਸਾਮੀਆਂ ਉੱਤੇ ਪੱਕੀ ਭਰਤੀ ਕਰਨ ਦੀ ਬਜਾਏ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੋਸਕੋ) ਰਾਹੀਂ ਕੇੰਦਰ ਸਰਕਾਰ, ਰਾਜ ਸਰਕਾਰ ਜਾਂ ਸਥਾਨਕ ਸਰਕਾਰਾਂ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਆਊਟਸੋਰਸ ਨੀਤੀ ਤਹਿਤ ਭਰਤੀ ਕਰਕੇ ਡੰਗ ਟਪਾਈ ਕਰ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਕਿ ਅੱਜ ਜਦੋਂ ਪੰਜਾਬ ਵਿੱਚ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਆਪਣੇ ਸਿਖਰਾਂ ’ਤੇ ਹੈ ਤਾਂ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਭਰਤੀ ਕਰਨਾ ਕਿੱਥੋਂ ਤੱਕ ਵਾਜਿਬ ਹੈ ? ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਸਮੁੱਚੇ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਸਮੇਤ ਹਰ ਅਦਾਰੇ ਵਿੱਚ ਲੋੜੀਂਦੇ ਸਟਾਫ਼ ਦੀ ਰੈਗੂਲਰ ਆਧਾਰ ਤੇ ਭਰਤੀ ਕਰਕੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਅਤੇ ਹਰ ਪ੍ਰਕਾਰ ਦੇ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨ੍ਹਾਂ ਸ਼ਰਤ ਪੱਕਾ ਕੀਤਾ ਜਾਵੇ।
ਸਕੂਲਾਂ ਵਿੱਚ ਆਊਟਸੋਰਸ ਭਰਤੀ ਬੇਰੁਜ਼ਗਾਰਾਂ ਨਾਲ ਵੱਡਾ ਧੋਖਾ: ਡੀ.ਐਮ.ਐਫ
5 Views