ਪੰਜਾਬੀ ਖ਼ਬਰਸਾਰ ਬਿਉਰੋ
ਫ਼ਰੀਦਕੋਟ, 18 ਜੁਲਾਈ: ਦੋ ਦਿਨ ਪਹਿਲਾਂ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ’ਚ ਇਲਾਜ ਅਧੀਨ ਗੈਂਗਸਟਰ ਸੁਰਿੰਦਰਪਾਲ ਸਿੰਘ ਬਿੱਲਾ ਦੇ ਫਰਾਰ ਹੋਣ ਦੇ ਮਾਮਲੇ ਵਿਚ ਹੁਣ ਫ਼ਰੀਦਕੋਟ ਸਿਟੀ ਪੁਲਿਸ ਨੇ ਪੰਜ ਪੁਲਿਸ ਮੁਲਾਜ਼ਮਾਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਇਸ ਮਾਮਲੇ ਵਿਚ ਫ਼ਰਾਰ ਹੋਇਆ ਗੈਂਗਸਟਰ ਬਿੱਲਾ ਵਿਰੁਧ ਵੀ ਪਰਚਾ ਦਰਜ਼ ਹੈ। ਜਿੰਨ੍ਹਾਂ ਪੁਲਿਸ ਮੁਲਾਜਮਾਂ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਏਐੱਸਆਈ ਨਾਨਕ ਚੰਦ, ਸਿਪਾਹੀ ਗੁਰਤੇਜ ਸਿੰਘ, ਹੋਮਗਾਰਡ ਜਵਾਨ ਹਰਜਿੰਦਰ ਸਿੰਘ, ਹਰਪਾਲ ਸਿੰਘ ਤੇ ਰਜਿੰਦਰ ਕੁਮਾਰ ਸ਼ਾਮਲ ਹਨ। ਦਸਣਾ ਬਣਦਾ ਹੈ ਕਿ ਫ਼ਰਾਰ ਹੋਇਆ ਗੈਂਗਸਟਰ ਬੰਬੀਹਾ ਗੈਂਗ ਨਾਲ ਸਬੰਧਤ ਦਸਿਆ ਜਾ ਰਿਹਾ ਹੈ, ਜਿਸਦੇ ਵਿਰੁਧ ਜੈਤੋ ਇਲਾਕੇ ਵਿਚੋਂ ਫ਼ਿਰੌਤੀਆਂ ਆਦਿ ਮੰਗਣ ਦੇ ਦੋਸਾਂ ਸਬੰਧੀ ਕਾਰਵਾਈ ਚੱਲ ਰਹੀ ਹੈ। ਪਿਛਲੇ ਹਫ਼ਤੇ ਸੀਆਈਏ ਸਟਾਫ ਦੀ ਟੀਮ ਨੇ ਇਸ ਗੈਂਗਸਟਰ ਨੂੰ ਇੱਕ ਮੁਕਾਬਲੇ ਤੋਂ ਬਾਅਦ ਕਾਫ਼ੀ ਮੁਸ਼ੱਕਤ ਨਾਲ ਕਾਬੂ ਕੀਤਾ ਸੀ। ਇਸ ਮੁਕਾਬਲੇ ਵਿਚ ਗੈਂਗਸਟਰ ਬਿੱਲਾ ਦੇ ਗੋਲੀ ਲੱਗ ਗਈ ਸੀ। ਜਿਸਦੇ ਚੱਲਦੇ ਉਸਨੂੰ ਮੈਡੀਕਲ ਕਾਲਜ਼ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ। ਪ੍ਰੰਤੂ ਫ਼ਿਰ ਵੀ ਬਿੱਲਾ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਸਫ਼ਲ ਰਿਹਾ ਸੀ। ਵੱਡੀ ਗੱਲ ਇਹ ਵੀ ਹੈ ਕਿ ਬਿੱਲੇ ਦੇ ਇਲਾਜ ਦੌਰਾਨ ਦੇਸ ਦਾ ਨਾਮੀ ਗੈਂਗਸਟਰ ਲਾਰੈਂਸ ਬਿਸਨੋਈ ਵੀ ਫ਼ਰੀਦਕੋਟ ਮੈਡੀਕਲ ਕਾਲਜ ਵਿਚ ਦਾਖ਼ਲ ਸੀ, ਜਿਸਦੇ ਚੱਲਦੇ ਹਸਪਤਾਲ ਦੇ ਚੱਪੇ-ਚੱਪੇ ਉਪਰ ਪੁਲਿਸ ਤੈਨਾਤ ਸੀ। ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਇੰਨ੍ਹੀਂ ਮੁਸਤੈਦੀ ਦੇ ਬਾਵਜੂਦ ਗੈਂਗਸਟਰ ਬਿੱਲਾ ਫ਼ਰਾਰ ਹੋਣ ਵਿਚ ਕਿਵੇਂ ਕਾਮਯਾਬ ਰਿਹਾ।
Share the post "ਹੱਥਕੜੀ ਸਮੇਤ ਹਸਪਤਾਲ ‘ਚੋਂ ਫ਼ਰਾਰ ਹੋਏ ਗੈਂਗਸਟਰ ਦੇ ਮਾਮਲੇ ’ਚ ਪੰਜ ਪੁਲਿਸ ਵਾਲਿਆਂ ਵਿਰੁਧ ਪਰਚਾ ਦਰਜ਼"