ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਸਥਾਨਕ ਮਿੱਤਲ ਮਾਲ ’ਚ ਸਥਿਤ ਬਿੱਗ ਸਿਨੇਮਾ ’ਚ ਟਿਕਟਾਂ ਵੇਚਣ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਸਿਨੇਮੇ ਦੇ ਮੈਨੇਜਰਾਂ ਸਹਿਤ ਕੁੱਲ 11 ਜਣਿਆਂ ਵਿਰੁਧ ਧੋਖਾਧੜੀ ਤੇ ਅਮਾਨਤ ’ਚ ਖਿਆਨਤ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਤੱਕ ਕੀਤੀ ਇਸ ਮਾਮਲੇ ਦੀ ਪੜਤਾਲ ’ਚ ਕਥਿਤ ਦੋਸ਼ੀਆਂ ਵਲੋਂ ਇੱਕ ਟਿਕਟ ਦੀਆਂ ਤਿੰਨ-ਤਿੰਨ ਬਣਾ ਕੇ ਵੇਚ ਕੇ ਡੇਢ ਕਰੋੜ ਦੀ ਚਪਤ ਲਗਾਈ ਜਾ ਚੁੱਕੀ ਹੈ, ਜਦੋਂਕਿ ਪੜਤਾਲ ਜਾਰੀ ਹੈ। ਇਸ ਸਬੰਧ ਵਿਚ ਪੁਲਿਸ ਕੋਲ ਬਿੱਗ ਸਿਨੇਮਾ ਦੇ ਪੰਜਾਬ ਦੇ ਰੀਜਨਲ ਮੈਨੇਜਰ ਚੇਤਨ ਲਖਮਾਨੀਆ ਵਾਸੀ ਪੰਚਕੂਲਾ ਵਲੋਂ ਪਰਚਾ ਦਰਜ਼ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਚੇਤਨ ਦੇ ਬਿਆਨਾਂ ਉਪਰ ਸਥਾਨਕ ਬਿਗ ਸਿਨੇਮਾ ਦੇ ਮੈਨੇਜਰ ਅਰਪਿਤ ਵਾਸੀ ਪੈਨਾ ਖੁਰਦ ਸਹਿਜਾਨਪੁਰ, ਮੈਨੇਜਰ ਉਤਕਰਸ ਸਿੰਘ ਵਾਸੀ ਗਵਾਲੀਅਰ, ਮੈਨੇਜਰ ਵਿਨੋਦ ਕੁਮਾਰ ਵਾਸੀ ਵਿਸਾਲ ਨਗਰ ਬਠਿੰਡਾ, ਮੋਹਿਤ ਸਿੱਧੂ ਵਾਸੀ ਬਾਘਾ,ਜਾਨਪ੍ਰੀਤ ਸਿੰਘ ਵਾਸੀ ਅਰਜਨ ਨਗਰ ਬਠਿੰਡਾ, ਲਵਪ੍ਰੀਤ ਸਿੰਘ ਵਾਸੀ ਜਨਤਾ ਨਗਰ ਬਠਿੰਡਾ,ਦਵਿੰਦਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ, ਵਿਕਾਸ ਪੁੱਤਰ ਵਾਸੀ ਸੰਗੂਆਣਾ ਬਸਤੀ ਬਠਿੰਡਾ,ਹਰਮਨਪਰੀਤ ਸਿੰਘ ਵਾਸੀ ਹਰਰਾਏਪੁਰ, ਨਿਤਿਸ਼ ਸਹਿਗਲ ਵਾਸੀ ਜੋਗੀ ਨਗਰ ਬਠਿੰਡਾ, ਨਿਰਮਲ ਸਿੰਘ ਵਾਸੀ ਦੋਦਾ ਵਿਰੁਧ ਧਾਰਾ 408, 420 ਅਤੇ 120 ਬੀ ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਹੈ। ਸੂਚਨਾ ਮੁਤਾਬਕ ਬਿੱਗ ਸਿਨੇਮਾ ਦੇ ਉਚ ਅਧਿਕਾਰੀਆਂ ਨੂੰ ਮਈ ਮਹੀਨੇ ਵਿਚ ਸੂਚਨਾ ਮਿਲੀ ਸੀ ਕਿ ਬਠਿੰਡਾ ਸਥਿਤ ਮਿੱਤਲ ਮਾਲ ’ਚ ਕੰਪਨੀ ਦੀਆਂ ਚਾਰ ਸਕਰੀਨਾਂ ’ਚ ਤੈਨਾਤ ਮੈਨੇਜਰਾਂ, ਟਿਕਟ ਕੁਲੈਕਟਰਾਂ ਅਤੇ ਹੇਠਲੇ ਕਰਮਚਾਰੀਆਂ ਵਲੋਂ ਫ਼ਿਲਮਾਂ ਦੀਆਂ ਟਿਕਟਾਂ ਵੇਚਣ ਦੇ ਮਾਮਲੇ ਵਿਚ ਹੇਰਾ-ਫ਼ੇਰੀ ਕੀਤੀ ਜਾ ਰਹੀ ਹੈ। ਇਸ ਸੂਚਨਾ ਤੋਂ ਬਾਅਦ ਕੰਪਨੀ ਦੇ ਉਚ ਅਧਿਕਾਰੀਆਂ ਵਲੋਂ ਖ਼ੁਦ ਜਾਂਚ ਕੀਤੀ ਗਈ ਸੀ। ਜਿਸਤੋਂ ਬਾਅਦ ਸ਼ੱਕ ਪੈਣ ’ਤੇ ਐਸ.ਐਸ.ਪੀ ਨੂੰ ਸਿਕਾਇਤ ਦਿੱਤੀ, ਜਿੰਨ੍ਹਾਂ ਮਾਮਲੇ ਦੀ ਪੜਤਾਲ ਆਰਥਿਕ ਅਪਰਾਧ ਸਾਖਾ ਵਿੰਗ ਕੋਲੋਂ ਕਰਵਾਈ ਗਈ। ਪੁਲਿਸ ਤੇ ਸਿਨੇਮਾ ਕੰਪਨੀ ਦੇ ਪ੍ਰਬੰਧਕਾਂ ਵਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਮਿਲੀਭੁਗਤ ਨਾਲ ਇੱਕ ਵਾਰ ਜਾਰੀ ਹੋਣ ਵਾਲੀ ਟਿਕਟ ਨੂੰ ਡਿਲੀਟ ਕਰਕੇ ਮੁੜ ਜਾਰੀ ਕਰ ਦਿੰਦੇ ਸਨ। ਜਾਂਚ ਟੀਮ ਵਲੋਂ ਬਿੱਗ ਸਿਨੇਮਾ ਦੀਆਂ ਚਾਰਾਂ ਸਕਰੀਨਾਂ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤੇ ਨਾਲ ਹੀ ਸਬੰਧਤ ਸੋਅ ਲਈ ਜਾਰੀ ਕੀਤੀਆਂ ਟਿਕਟਾਂ ਦੀ ਗਿਣਤੀ ਕੀਤੀ ਗਈ। ਸੂਤਰਾਂ ਅਨੁਸਾਰ ਜਦ ਟਿਕਟਾਂ ਦੀ ਵਿਕਰੀ ਅਤੇ ਸਕਰੀਨਾਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਬੈਠੇ ਦਰਸਕਾਂ ਦੀ ਗਿਣਤੀ ਦਾ ਆਪਸੀ ਮਿਲਾਣ ਕੀਤਾ ਗਿਆ ਤਾਂ ਜਾਂਚ ਅਧਿਕਾਰੀਆਂ ਦੀ ਹੈਰਾਨੀ ਦੀ ਹੱਦ ਕੋਈ ਨਾ ਰਹੀ, ਕਿਉਂਕਿ ਜਿੰਨੇਂ ਵੀ ਸੋਅਜ਼ ਦੀ ਜਾਂਚ ਕੀਤੀ ਤਾਂ ਉਸ ਵਿਚ ਵਿਕਰੀ ਹੋਈਆਂ ਟਿਕਟਾਂ ਤੋਂ ਕਰੀਬ ਦੋ-ਤਿੰਨ ਗੁਣਾਂ ਵੱਧ ਲੋਕ ਸਿਨੇਮੇ ਅੰਦਰ ਫ਼ਿਲਮ ਵੇਖਦੇ ਹੀ ਵਿਖਾਈ ਦਿੱਤੇ। ਇਸਤੋਂ ਬਾਅਦ ਜਦ ਹੋਰ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਥਿਤ ਦੋਸੀਆਂ ਨੇ ਸਾਫ਼ਟਵੇਅਰ ਵਿਚ ਛੇੜਛਾੜ ਕਰਦਿਆਂ ਇੱਕ ਟਿਕਟ ਦੀਆਂ ਤਿੰਨ-ਤਿੰਨ ਟਿਕਟਾਂ ਬਣਾ ਦਿੱਤੀਆਂ। ਮੁਢਲੀ ਪੜਤਾਲ ਮੁਤਾਬਕ 30432 ਟਿਕਟਾਂ ਜਾਅਲੀ ਬਣਾ ਕੇ ਵੇਚਣ ਬਾਰੇ ਪਤਾ ਚੱਲਿਆ ਹੈ ਜਦੋਂਕਿ ਹਾਲੇ ਤੱਕ ਜਾਂਚ ਜਾਰੀ ਹੈ। ਉਧਰ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਠਿੰਡਾ ਦੇ ਬਿੱਗ ਸਿਨੇਮੇ ’ਚ ਟਿਕਟਾਂ ਵੇਚਣ ਵਿਚ ਕਰੋੜਾਂ ਦਾ ਘਪਲਾ, ਤਿੰਨ ਮੈਨੇਜਰਾਂ ਸਹਿਤ 11 ਵਿਰੁਧ ਪਰਚਾ ਦਰਜ਼
17 Views