ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ : ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅੱਜ ਸਿਵਲ ਹਸਪਤਾਲ ਬਠਿੰਡਾ ਅਤੇ ਸਿਵਲ ਹਸਪਤਾਲ ਰਾਮਪੁਰਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਡਾ ਵੀਨਾ ਜਰੇਵਾਲ ਨੇ ਹੜ੍ਹਾਂ ਅਤੇ ਬਰਸਾਤ ਦੇ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸੋ ਦੌਰੇ ਦੌਰਾਨ ਡਾ ਜਰੇਵਾਲ ਨੇ ਦਸਿਆ ਕਿ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠਲੇ ਪ੍ਰਬੰਧਾਂ ਵਿਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੜ੍ਹਾਂ ਅਤੇ ਬਰਸਾਤਾਂ ਨਾਲ ਨਜਿੱਠਣ ਲਈ ਸਪੈਸ਼ਲ ਪ੍ਰਬੰਧ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦਫ਼ਤਰ ਸਿਵਲ ਸਰਜਨ ਵਿਖੇ ਹੜ੍ਹਾਂ ਅਤੇ ਬਰਸਾਤਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਬੰਧਿਤ ਸਟਾਫ਼ ਦੀ ਮੀਟਿੰਗ ਕੀਤੀ। ਇਸ ਦੌਰਾਨ ਸਿਵਲ ਸਰਜਨ ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਅਤੇ ਹੜ੍ਹਾਂ ਦੀ ਸਥਿਤੀ ਦੇ ਮੱਦੇ ਨਜ਼ਰ ਸਿਹਤ ਵਿਭਾਗ ਵੱਲੋਂ ਸਿਹਤ ਸਬੰਧੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਵਿੱਚ ਦੂਸ਼ਿਤ ਪਾਣੀ, ਮੱਛਰਾਂ ਅਤੇ ਮੱਖੀਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਘਰਾਂ ਦੇ ਆਸ ਪਾਸ ਬਰਸਾਤ ਦਾ ਪਾਣੀ ਜਮਾਂ ਨਾ ਹੋਣ ਦਿੱਤਾ ਜਾਵੇ।
ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਨੇ ਕੀਤਾ ਹਸਪਤਾਲਾਂ ਦਾ ਦੌਰਾ
6 Views