ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ,25 ਜੁਲਾਈ: ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸਾਂਝਾ ਫਰੰਟ ਬਠਿੰਡਾ ਦੀ ਮੀਟਿੰਗ ਪੈਨਸ਼ਨਰ ਭਵਨ ਬਠਿੰਡਾ ਵਿਖੇ ਹੋਈ।ਜਿਸ ਵਿੱਚ ਆਗੂਆਂ ਨੇ ਦੱਸਿਆ ਕਿ ਦੇਸ਼ ਦੇ ਉੱਤਰ ਪੂਰਬੀ ਸੂਬੇ ਮਨੀਪੁਰ ਵਿਖੇ ਪਿਛਲੇ 83 ਦਿਨਾਂ ਤੋਂ ਕੀਤੀ ਜਾ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਮਨੀਪੁਰ ਦੇ ਮੁੱਖ ਮੰਤਰੀ ਐਨ. ਬਿਰੇਨ ਸਿੰਘ ਦੀ ਭਾਜਪਾ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਸਾਂਝੇ ਤੌਰ ’ਤੇ ਜ਼ਿੰਮੇਵਾਰ ਹਨ। ਮਨੀਪੁਰ ਸੂਬੇ ਵਿੱਚ 3 ਮਈ ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ’ਤੇ ਯੋਜਨਾਬੱਧ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉਥੋਂ ਬਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲੀਸ ਦੀ ਗੱਡੀ ਵਿੱਚ ਲੁਕ ਗਏ। ਪ੍ਰੰਤੂ ਪੁਲੀਸ ਨੇ ਉਹਨਾ ਦਾ ਕੋਈ ਬਚਾਅ ਨਹੀਂ ਕੀਤਾ ਸਗੋਂ ਭੀੜ ਨੇ ਉਹਨਾ ਨੂੰ ਪੁਲੀਸ ਤੋਂ ਖੋਹ ਲਿਆ ਅਤੇ ਤਿੰਨ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾ ਦੀ ਨਗਨ ਪਰੇਡ ਸ਼ੁਰੂ ਕਰ ਦਿੱਤੀ ਗਈ।ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸੂਬਾ ਸਰਕਾਰ ਅਤੇ ਪੁਲੀਸ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਅਤੇ ਡੇਢ ਮਹੀਨੇ ਬਾਅਦ 21 ਜੂਨ ਨੂੰ ਇੱਕ ਹਲਕੀ ਫੁਲਕੀ ਐਫ.ਆਈ.ਆਰ. ਦਰਜ ਕਰ ਦਿੱਤੀ। ਜਦੋਂ 19 ਜੁਲਾਈ ਨੂੰ ਇਸ ਘਟਨਾ ਦੀ ਇੱਕ 26 ਸਕਿੰਟ ਦੀ ਵੀਡਿਓ ਵਾਇਰਲ ਹੋਈ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਇਸ ਦਾ ਨੋਟਿਸ ਲੈ ਕੇ ਸੂਬਾ ਸਰਕਾਰ ਨੂੰ ਫਿਟਕਾਰ ਪਾਈ ਗਈ, ਜਿਸ ਨਾਲ ਪਿਛਲੇ 80 ਦਿਨਾਂ ਤੋਂ ਚੁੱਪੀ ਧਾਰ ਕੇ ਬੈਠੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਮਨੀਪੁਰ ਬਾਰੇ ਮੂੰਹ ਖੋਲ੍ਹਣ ਲਈ ਮਜਬੂਰ ਹੋਣਾ ਪਿਆ। ਅਜੇ ਇਸ ਘਟਨਾ ਦੀ ਚਰਚਾ ਚੱਲ ਰਹੀ ਹੈ ਤਾਂ ਮਨੀਪੁਰ ਦੇ ਸੈਕੁਲ ਪੁਲੀਸ ਥਾਣੇ ਅੰਦਰ 4 ਮਈ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 21 ਸਾਲ ਅਤੇ 24 ਸਾਲ ਦੀ ਉਮਰ ਦੀਆਂ ਦੋ ਦੋਸਤ ਕੁੜੀਆਂ ਨਾਲ 100-200 ਲੋਕਾਂ ਦੀ ਭੀੜ ਵੱਲੋਂ ਗੈਂਗ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਸੀ।ਮਨੀਪੁਰ ਵਿਖੇ ਪਿਛਲੇ 3 ਮਹੀਨੇ ਤੋਂ ਇੰਟਰਨੈੱਟ ਬੰਦ ਕੀਤਾ ਹੋਇਆ ਹੈ ਅਤੇ ਉਥੇ ਵਾਪਰ ਰਹੀਆਂ ਗੈਰ ਮਨੁੱਖੀ ਘਟਨਾਵਾਂ ਦੀ ਅਜੇ 5% ਜਾਣਕਾਰੀ ਵੀ ਆਮ ਲੋਕਾਂ ਤੱਕ ਨਹੀਂ ਪਹੁੰਚੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਰੋਸ ਹਫਤਾ ਮਨਾਉਣ ਤੋਂ ਬਾਅਦ ਸਾਂਝਾ ਫਰੰਟ ਬਠਿੰਡਾ ਡੀ ਸੀ ਦਫ਼ਤਰ ਅੱਗੇ 27 ਜੁਲਾਈ ਨੂੰ ਅਰਥੀ ਫੂਕ ਮੁਜਾਹਰਾ ਕੀਤਾ ਜਾ ਰਿਹਾ ਹੈ।ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਚੀਫ ਜਸਟਿਸ ਅਤੇ ਰਾਸ਼ਟਰਪਤੀ ਦੇ ਨਾਮ ਰੋਸ ਪੱਤਰ ਭੇਜੇ ਜਾਣਗੇ।ਅੱਜ ਦੀ ਇਸ ਮੀਟਿੰਗ ਵਿੱਚ ਗਗਨਦੀਪ ਸਿੰਘ ਭੁੱਲਰ ਕਨਵੀਨਰ ਪ ਸ ਸ ਫ (ਵਿਗਿਆਨਕ), ਮਨਜੀਤ ਸਿੰਘ ਪ ਸ ਸਫ 1680 22ਬੀ,ਦਰਸ਼ਨ ਸਿੰਘ ਮੌੜ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਮੱਖਣ ਸਿੰਘ ਖਣਗਵਾਲ ਪ ਸ ਸ ਫ 1406 22 ਬੀ,ਮਨਜੀਤ ਸਿੰਘ ਧੰਜਲ ਪੀ ਐਸ ਪੀ ਸੀ ਐਲ ਪੈਨਸ਼ਨਰ,ਗੁਲਾਬ ਸਿੰਘ ਗੁਰੂਸਰ ਪੀ ਆਰ ਟੀ ਸੀ,ਸਿਕੰਦਰ ਧਾਲੀਵਾਲ ਡੀ ਐਮ ਐਫ਼,ਜਸਕਰਨ ਸਿੰਘ ਗਹਿਰੀ ਬੁੱਟਰ ਪ੍ਰਧਾਨ ਪਟਵਾਰ ਯੂਨੀਅਨ,ਸੁਖਚੈਨ ਸਿੰਘ ਫੀਲਡ ਵਰਕਸ਼ਾਪ ਯੂਨੀਅਨ, ਦਰਸ਼ਨ ਸ਼ਰਮਾ, ਦਲਜੀਤ ਸਿੰਘ ਪੰਜਾਬ ਪੁਲੀਸ ਪੈਨਸ਼ਨਰ, ਮਹਿੰਦਰਪਾਲ ਸਿੰਘ ਟੀ ਐਸ ਯੂ,ਹੰਸ ਰਾਜ ਬੀਜਵਾ, ਜਗਪਾਲ ਬੰਗੀ ਡੀ ਪੀ ਐਫ਼ ਆਦਿ ਆਗੂ ਸ਼ਾਮਿਲ ਸਨ।
Share the post "ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮਨੀਪੁਰ ਵਿਰੁਧ 27 ਜੁਲਾਈ ਨੂੰ ਅਰਥੀ ਫੂਕ ਮੁਜਾਹਰਾ ਕਰਨ ਦਾ ਐਲਾਨ"