ਪੰਜ ਜਣਿਆਂ ਦੀ ਹੋਈ ਸਿਨਾਖ਼ਤ, ਤਿੰਨ ਗ੍ਰਿਫਤਾਰ, ਸਕੋਡਾ ਕਾਰ ਤੇ 32 ਬੋਰ ਦਾ ਰਿਵਾਲਵਰ ਵੀ ਕੀਤਾ ਬਰਾਮਦ
ਪੁਲਿਸ ਸੰਤਰੀ ਤੋਂ ਖੋਹੀ ਐਸਐਲਆਰ ਦੀ ਹਾਲੇ ਤੱਕ ਨਹੀਂ ਨਿਕਲੀ ਉੱਘ-ਸੁੱਘ, ਜਖਮੀ ਹੋਮਗਾਰਡ ਜਵਾਨ ਦਾ ਚੱਲ ਰਿਹਾ ਹੈ ਇਲਾਜ਼
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ : ਸ਼ੁੱਕਰਵਾਰ ਸਵੇਰ ਕਰੀਬ ਸਵਾ ਤਿੰਨ ਵਜੇਂ ਸਥਾਨਕ ਬਰਨਾਲਾ ਰੋਡ ’ਤੇ ਸਥਿਤ ਥਾਣਾ ਕੈਂਟ ਦਾ ਨਾਕਾ ਤੋੜਦੇ ਹੋਏ ਸੰਤਰੀ ਦੀ ਐਸਐਲਆਰ ਰਾਈਫ਼ਲ ਖੋਹ ਕੇ ਫ਼ਰਾਰ ਹੋਏ ਸਕੋਡਾ ਕਾਰ ਸਵਾਰ ਪੰਜ ਨੌਜਵਾਨਾਂ ਵਿਚੋਂ ਪੁਲਿਸ ਨੇ ਤਿੰਨ ਜਣਿਆਂ ਨੂੰ ਦਿੱਲੀ ਤੋਂ ਕਾਬੂ ਕਰ ਲਿਆ ਹੈ। ਇਸਤੋਂ ਇਲਾਵਾ ਇਸ ਘਟਨਾ ਵਿਚ ਵਰਤੀ ਹਰਿਆਣਾ ਨੰਬਰ ਦੀ ਕਾਲੇ ਰੰਗ ਦੀ ਕਾਰ ਨੂੰ ਸ਼ਹਿਰ ਦੇ ਭੱਟੀ ਰੋਡ ਸਥਿਤ ਇੱਕ ਖ਼ਾਲੀ ਪਲਾਟ ਵਿਚੋਂ ਬਰਾਮਦ ਕਰਨ ਤੋਂ ਇਲਾਵਾ ਕਥਿਤ ਦੋਸ਼ੀਆਂ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਵੀ ਮਿਲਿਆ ਹੈ ਪ੍ਰੰਤੂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਸੰਤਰੀ ਦੀ ਖੋਹੀ ਐਸਐਲਆਰ ਰਾਈਫ਼ਲ ਬਰਾਮਦ ਨਹੀਂ ਹੋ ਸਕੀ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਇਸ ਸਬੰਧ ਵਿਚ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁੱਕਦਮਾ ਨੰਬਰ 104 ਮਿਤੀ 11.8.2023 ਅ/ਧ 395,307,332,353,186 ਆਈ.ਪੀ.ਸੀ ਥਾਣਾ ਕੈਂਟ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਨੇ ਪਠਾਨਕੋਟ ਪੰਚਾਇਤੀ ਜ਼ਮੀਨ ਘੁਟਾਲਾ ’ਚ ਏ.ਡੀ.ਸੀ. ਅਤੇ ਲਾਭਪਾਤਰੀਆਂ ਖ਼ਿਲਾਫ਼ ਦਰਜ਼ ਕੀਤਾ ਕੇਸ
ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਜਣਿਆਂ ਵਿਵੇਕ ਕੁਮਾਰ ਉਰਫ ਜੋਗਾ ਵਾਸੀ ਗਲੀ ਨੰਬਰ 2 ਪਰਸ ਰਾਮ ਨਗਰ ਬਠਿੰਡਾ, ਹਨੀ ਸਿੰਘ ਉਰਫ ਬੱਬੂ ਵਾਸੀ ਜੋਗੀ ਨਗਰ ਬਠਿੰਡਾ, ਸੁਰਜੀਤ ਸਿੰਘ ਉਰਫ ਸੋਨੂੰ ਵਾਸੀ 60 ਪੁੱਟੀ ਰੋਡ ਜੋਗੀ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਬਾਕੀ ਦੋ ਕਥਿਤ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪ੍ਰੰਤੂ ਪੁਲਿਸ ਦੇ ਸੂਤਰਾਂ ਮੁਤਾਬਕ ਇਸ ਕੇਸ ਵਿਚ ਦੋ ਹੋਰਨਾਂ ਹਰਮਨ ਅਤੇ ਵਿਸਾਲ ਨਾਂ ਦੇ ਨੌਜਵਾਨਾਂ ਨੂੰ ਨਾਮਜਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਥਾਣਾ ਕੈਂਟ ਦੀ ਨਾਕਾਬੰਦੀ ਤੋੜ ਕੇ ਫ਼ਰਾਰ ਹੋਣ ਤੋਂ ਪਹਿਲਾਂ ਕਥਿਤ ਦੋਸ਼ੀਆਂ ਨੇ ਬੀਤੀ ਅੱਧੀ ਰਾਤ ਭੁੱਚੋਂ ਖੁਰਦ ਕੋਲ ਹਥਿਆਰਾਂ ਦੀ ਨੌਕ ’ਤੇ ਇੱਕ ਡਾਕਟਰ ਦੀ ਕਾਰ ਵੀ ਖੋਹਣ ਦੀ ਕੋਸਿਸ ਕੀਤੀ ਸੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ।
ਵਕੀਲ ਤੋਂ ਐਨ.ਓ.ਸੀ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਏ ਦਾ ਜੇ.ਈ ਵਿਜੀਲੈਂਸ ਵਲੋਂ ਕਾਬੂ
ਜਦੋ ਇਸ ਘਟਨਾ ਤੋਂ ਪਹਿਲਾਂ ਇੰਨ੍ਹਾਂ ਨੇ ਇੱਕ ਮਾਰੂਤੀ ਕਾਰ ਸਵਾਰਾਂ ਦਾ ਵੀ ਪਿੱਛਾ ਕੀਤਾ ਸੀ ਪ੍ਰੰਤੂ ਉਹ ਬਚ ਗਏ। ਜਿਸਤੋਂ ਬਾਅਦ ਇਹ ਕਾਰ ਸਵਾਰ ਨੌਜਵਾਨ ਰਾਮਪੁਰਾ ਵੱਲ ਭੱਜ ਗਏ। ਇਸ ਦੌਰਾਨ ਲੁੱਟ ਦਾ ਸਿਕਾਰ ਹੋਣ ਤੋਂ ਬਚਣ ਵਾਲੇ ਲੋਕਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਤੇ ਥਾਣਾ ਕੈਂਟ ਦੀ ਪੁਲਿਸ ਮੌਕੇ ’ਤੇ ਪੁੱਜੀ। ਪ੍ਰੰਤੂ ਉੁਸ ਸਮੇਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਇਸਤੋਂ ਕੁੱਝ ਸਮੇਂ ਬਾਅਦ ਸਕੋਡਾ ਕਾਰ ਸਵਾਰ ਇਹ ਨੌਜਵਾਨ ਮੁੜ ਭੁੱਚੋਂ ਖੁਰਦ ਰਾਹੀਂ ਬਠਿੰਡਾ ਵੱਲ ਜਾਂਦੇ ਦਿਖ਼ਾਈ ਦਿੱਤੇ, ਜਿੰਨ੍ਹਾਂ ਨੂੰ ਮਾਰੂਤੀ ਕਾਰ ਸਵਾਰਾਂ ਨੇ ਪਹਿਚਾਣ ਲਿਆ ਤੇ ਤੁਰੰਤ ਥਾਣਾ ਕੈਂਟ ਦੇ ਅਧਿਕਾਰੀਆਂ ਨੂੰ ਫ਼ੋਨ ਰਾਹੀਂ ਗੱਡੀ ਦੇ ਬਠਿੰਡਾ ਵੱਲ ਆਉਣ ਬਾਰੇ ਸੂਚਨਾ ਦਿੱਤੀ ਤੇ ਨਾਲ ਹੀ ਅਪਣੀ ਕਾਰ ਵੀ ਪਿੱਛੇ ਲਗਾ ਦਿੱਤੀ।
ਪਾਰਕਿੰਗ ਅੱਗਿਓ ਰਾਤ ਨੂੰ ਪੀਲੀ ਲਾਈਨ ਖ਼ਤਮ ਕਰਨ ਨੂੰ ਲੈ ਕੇ ਉਠਿਆ ਵਿਵਾਦ, ਲੋਕਾਂ ਨੇ ਕੀਤਾ ਵਿਰੋਧ
ਇਸ ਦੌਰਾਨ ਜਦ ਸੂਚਨਾ ਮਿਲਣ ’ਤੇ ਥਾਣਾ ਕੈਂਟ ’ਚ ਮੌਜੂਦ ਪੁਲਿਸ ਜਵਾਨਾਂ ਨੇ ਸੜਕ ਉਪਰ ਨਾਕਾਬੰਦੀ ਕਰਕੇ ਇਸ ਸਕੋਡਾ ਕਾਰ ਨੂੰ ਰੋਕਣ ਦੀ ਕੋਸਿਸ ਕੀਤੀ ਤਾਂ ਇੰਨ੍ਹਾਂ ਗੱਡੀ ਰੋਕ ਕੇ ਮੁੜ ਅਚਾਨਕ ਪੂਰੀ ਰੇਸ ਦੇ ਕੇ ਭਜਾ ਲਈ ਤੇ ਗੱਡੀ ਦੇ ਅੱਗੇ ਐਸਐਲਆਰ ਰਾਈਫ਼ਲ ਲੈ ਕੇ ਖੜੇ ਹੋਮਗਾਰਡ ਦੇ ਜਵਾਨ ਦਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਕਾਰ ਉਪਰੋਂ ਹੁੰਦਾ ਹੋਇਆ ਦੂਜੇ ਪਾਸੇ ਜਾ ਡਿੱਗਿਆ ਤੇ ਉਸਦੀ ਰਾਈਫ਼ਲ ਵੀ ਕਾਰ ਦੇ ਬੋਰਨਟ ਵਿਚ ਫ਼ਸ ਕੇ ਨਾਲ ਹੀ ਚਲੀ ਗਈ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਮਾਰੂਤੀ ਕਾਰ ਸਵਾਰਾਂ ਨੇ ਇਸ ਸਕੋਡਾ ਕਾਰ ਦਾ ਪਿੱਛਾ ਕੀਤਾ ਪ੍ਰੰਤੂ ਇਹ ਭੱਟੀ ਰੋਡ ਰਾਹੀਂ ਸਹਿਰ ਵਿਚ ਦਾਖ਼ਲ ਹੋ ਕੇ ਇੰਨ੍ਹਾਂ ਨੂੰ ਝਕਾਨੀ ਦੇਣ ਵਿਚ ਸਫ਼ਲ ਰਹੇ। ਪਤਾ ਲੱਗਿਆ ਹੈ ਕਿ ਇਸ ਘਟਨਾ ਵਿਚ ਸ਼ਾਮਲ ਪੰਜ ਨੌਜਵਾਨਾਂ ਵਿਚੋਂ ਤਿੰਨ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ।
ਬਠਿੰਡਾ ’ਚ ਸਕੋਡਾ ਕਾਰ ਸਵਾਰ ਨੌਜਵਾਨ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਹੋਏ ਫ਼ਰਾਰ
ਇਸ ਘਟਨਾ ਤੋਂ ਬਾਅਦ ਪੁਲਿਸ ਵਲੋਂ ਪੂਰੇ ਸ਼ਹਿਰ ਨੂੰ ਸੀਲ ਕਰਕੇ ਨਾਕੇਬੰਦੀ ਕਰ ਦਿੱਤੀ ਸੀ ਪ੍ਰੰਤ ਇਸ ਦੌਰਾਨ ਕਾਰ ਬਰਾਮਦ ਹੋ ਗਈ ਤੇ ਇਸਦੇ ਅਸਲੀ ਮਾਲਕ ਦਾ ਪਤਾ ਚੱਲ ਗਿਆ ਜੋਕਿ ਹਰਿਆਣਾ ਦੇ ਕੁਰੂਕਸ਼ੇਰ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਜਿਸਤੋਂ ਪਤਾ ਲੱਗਣ ’ਤੇ ਮੌਜੂਦਾ ਕਾਰ ਮਾਲਕ ਨੌਜਵਾਨ ਤੱਕ ਪੁਲਿਸ ਪੁੱਜ ਗਈ ਤੇ ਇਸ ਦੌਰਾਨ ਹੀ ਪੁਲਿਸ ਨੂੰ ਘਟਨਾ ਵਿਚ ਸ਼ਾਮਲ ਤਿੰਨ ਨੌਜਵਾਨਾਂ ਦੇ ਰੇਲ ਗੱਡੀ ਰਾਹੀਂ ਦਿੱਲੀ ਵੱਲ ਭੱਜਦ ਦੀ ਸੂਚਨਾ ਮਿਲੀ। ਜਿਸਤੋਂ ਬਾਅਦ ਬਠਿੰਡਾ ਦੇ ਸੀਆਈਏ-1 ਸਟਾਫ਼ ਦੀ ਟੀਮ ਸਬ ਇੰਸਪੈਕਟਰ ਮੋਹਨਦੀਪ ਸਿੰਘ ਬੰਗੀ ਦੀ ਅਗਵਾਈ ਹੇਠ ਪਿੱਛੇ ਲੱਗ ਗਈ ਤੇ ਪੁਰਾਣੀ ਦਿੱਲੀ ਤੋਂ ਤਿੰਨਾਂ ਨੂੰ ਜੀਆਰਪੀ ਦੀ ਮੱਦਦ ਨਾਲ ਕਾਬੂ ਕਰ ਲਿਆ ਗਿਆ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਨੌਜਵਾਨ ਨੂੰ ਸੀਆਈਏ-2 ਤੇ ਸਪੈਸ਼ਲ ਸਟਾਫ਼ ਦੀ ਟੀਮ ਵਲੋਂ ਕਾਬੂ ਕੀਤਾ ਗਿਆ। ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਦਸਿਆ ਕਿ ਪੁਲਿਸ ਕੇਸ ਨੂੰ ਹੱਲ ਕਰਨ ਦੇ ਨਜਦੀਕ ਪੁੱਜ ਗਈ ਹੈ ਤੇ ਜਲਦ ਹੀ ਸਾਰਾ ਖ਼ੁਲਾਸਾ ਕੀਤਾ ਜਾਵੇਗਾ।
Share the post "ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ"