ਫਾਜ਼ਿਲਕਾ ਜ਼ਿਲੇ ਦੇ 12 ਹੜ੍ਹ ਮਾਰੇ ਪਿੰਡਾਂ ਨੂੰ 400 ਕੁਇੰਟਲ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ
ਫਾਜ਼ਿਲਕਾ, 28 ਅਗਸਤ : ਸਮੁੱਚੀ ਮਨੁੱਖਤਾ ਦੇ ਏਕੇ ਨੂੰ ਪ੍ਰਣਾਈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਸ਼ੇਰੇਵਾਲਾ ਦੀ ਜੋਤੀ ਫਾਊਂਡੇਸ਼ਨ ਇਨਸਾਨੀਅਤ ਦੀ ਪਹਿਰੇਦਾਰ ਬਣ ਕੇ ਮੁੱਢ ਤੋਂ ਹੀ ਲੋਕਾਂ ਦੀ ਨਿਸ਼ਕਾਮ ਸੇਵਾ ਕਰਦੀ ਆ ਰਹੀ ਹੈ। ਮਰਹੂਮ ਪ੍ਰਭਜੋਤ ਸਿੰਘ ਬਰਾੜ ਉਰਫ਼ ਜੋਤੀ ਬਰਾੜ ਵੱਲੋਂ ਲਾਇਆ ਗਿਆ ਇਹ ਬੂਟਾ ਅੱਜ ਇੱਕ ਵੱਡਾ ਰੁੱਖ ਬਣ ਕੇ ਲੋਕਾਈ ਨੂੰ ਛਾਂ ਪ੍ਰਦਾਨ ਕਰ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਇਸ ਫਾਊਂਡੇਸ਼ਨ ਦੀ ਜ਼ਿੰਮੇਵਾਰੀ ਮਰਹੂਮ ਜੋਤੀ ਬਰਾੜ ਦੀ ਪਤਨੀ ਸ਼੍ਰੀਮਤੀ ਸਰਬਜੀਤ ਕੌਰ ਬਰਾੜ ਅਤੇ ਪੁੱਤਰਾਂ ਐਡਵੋਕੇਟ ਅਜੀਤ ਬਰਾੜ ਤੇ ਪ੍ਰਭਕਿਰਨ ਬਰਾੜ ਵੱਲੋਂ ਬਾਖ਼ੂਬੀ ਨਿਭਾਈ ਜਾ ਰਹੀ ਹੈ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਫਾਊਂਡੇਸ਼ਨ ਵੱਲੋਂ ਇਸ ਸਮੇਂ 2 ਪ੍ਰੋਜੈਕਟ ਚਲਾਏ ਜਾ ਰਹੇ ਹਨ ਜੋ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਕਈ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਏ ਜਾਣ ਨਾਲ ਸਬੰਧਿਤ ਹਨ ਜਦੋਂਕਿ ਫਾਊਂਡੇਸ਼ਨ ਵੱਲੋਂ ਸੂਬੇ ਦੇ ਸਹੂਲਤਾਂ ਤੋਂ ਸੱਖਣੇ ਲੋੜਵੰਦ ਬੱਚਿਆਂ ਨੂੰ ਚਸ਼ਮੇ ਵੀ ਪ੍ਰਦਾਨ ਕਰਵਾਏ ਜਾ ਰਹੇ ਹਨ। ਪੰਜਾਬ ਵਿੱਚ ਹੜ੍ਹਾਂ ਦੀ ਮੌਜੂਦਾ ਸਥਿਤੀ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਤਬਾਹ ਹੋਣ ਦੇ ਨਾਲ ਨਾਲ ਹੀ ਇਸ ਕੁਦਰਤੀ ਕਰੋਪੀ ਨੇ ਉਨ੍ਹਾਂ ਦੀ ਰੋਜ਼ੀ ਰੋਟੀ ਉੱਤੇ ਵੀ ਭਾਰੀ ਸੱਟ ਮਾਰੀ ਹੈ। ਖ਼ਾਸ ਕਰਕੇ ਫਾਜ਼ਿਲਕਾ ਜ਼ਿਲੇ ਦੇ 12 ਪਿੰਡ ਤਾਂ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਲੋਕਾਂ ਦੇ ਘਰ ਅਤੇ ਫਸਲਾਂ ਪਾਣੀ ਹੇਠ ਡੁੱਬ ਗਈਆਂ ਹਨ। ਇੱਥੋਂ ਤੱਕ ਕਿ ਸਕੂਲ, ਖੇਡ ਮੈਦਾਨ ਅਤੇ ਸ਼ਮਸ਼ਾਨਘਾਟ ਵੀ ਇਸ ਮਾਰ ਤੋਂ ਨਹੀਂ ਬਚ ਸਕੇ।
ਅਜਿਹੇ ਔਖੇ ਸਮੇਂ ਜੋਤੀ ਫਾਊਂਡੇਸ਼ਨ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਬਾਂਹ ਫੜੀ ਹੈ। ਇਨ੍ਹਾਂ ਪਿੰਡਾਂ ਵਿੱਚ ਝਾਂਗੜ ਭੈਣੀ, ਰੇਤੇ ਵਾਲੀ ਭੈਣੀ, ਮਹਾਤਮ ਨਗਰ, ਢਾਣੀ ਲਾਭ ਸਿੰਘ, ਦੋਨਾ ਨਾਨਕਾ, ਤੇਜਾ ਰੁਹੇਲਾ, ਚੱਕ ਰੁਹੇਲਾ, ਮੁਹਾਰ ਜਮਸ਼ੇਰ, ਵੱਲੇ ਸ਼ਾਹ ਉਤਾੜ/ਨੂਰ ਸ਼ਾਹ ਅਤੇ ਢਾਣੀ ਮੋਹਣਾ, ਗੱਟੀ ਨੰ.1 (ਰੇਤੇ ਵਾਲੀ ਭੈਣੀ), ਰਾਮ ਸਿੰਘ ਭੈਣੀ (ਝਾਂਗੜ ਭੈਣੀ), ਘੁਰਕਾ/ਗੁੱਦੜ ਭੈਣੀ, ਮੁਹਰ ਖੀਵਾ, ਹਸਤਾ ਕਲਾਂ ਸੈਂਟਰ ਅਤੇ ਪਿੰਡ ਸ਼ਾਮਿਲ ਹਨ। ਫਾਊਂਡੇਸ਼ਨ ਦੇ ਵਲੰਟੀਅਰ ਦਿਨ ਰਾਤ ਇੱਕ ਕਰਕੇ ਹਰ ਤਰੀਕੇ ਭਾਵੇਂ ਉਹ ਪੈਦਲ ਹੋਵੇ ਜਾਂ ਕਿਸ਼ਤੀਆਂ ਰਾਹੀਂ, ਇਨ੍ਹਾਂ ਪਿੰਡਾਂ ਤੱਕ ਜ਼ਰੂਰੀ ਸਾਮਾਨ ਪੁੱਜਦਾ ਕਰ ਰਹੇ ਹਨ, ਜਿਨ੍ਹਾਂ ਦਾ ਸੰਪਰਕ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ ਹੈ।
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਕਾਰ ਵਿਚ ਜ਼ਿੰਦਾ ਸੜਿਆ ਨੌਸਵਾਨ
ਫਾਊਂਡੇਸ਼ਨ ਵੱਲੋਂ 400 ਕੁਇੰਟਲ ਸੁੱਕਾ ਰਾਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੁਣ ਤੱਕ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ। ਇਸ ਵਿੱਚ ਚੌਲ, ਆਟਾ, ਤੇਲ, ਚੀਨੀ, ਚਾਹ, ਉ ਆਰ ਐੱਸ, ਟੂਥਬਰੱਸ਼, ਟੂਥਪੇਸਟ, ਸ਼ੈਂਪੂ, ਸਾਬਣ, ਉਡੋਮੌਸ, ਮੱਛਰ ਮਾਰ ਕੌਇਲ, ਮੱਛਰਦਾਨੀ, ਬਿਸਕੁਟ, ਵਾਸ਼ਿੰਗ ਪਾਊਡਰ, ਮਿਲਕ ਪਾਊਡਰ, ਸੈਨੀਟਰੀ ਪੈਡ ਅਤੇ ਦਵਾਈਆਂ ਦੀਆਂ ਕਿੱਟਾਂ ਸ਼ਾਮਿਲ ਹਨ। ਜਾਨਵਰਾਂ ਦੀ ਸਾਂਭ ਸੰਭਾਲ ਲਈ ਵੀ ਫਾਊਂਡੇਸ਼ਨ ਵੱਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਔਖੇ ਸਮਿਆਂ ਵਿੱਚ ਅੱਗੇ ਆਉਣ ਵਾਲੀ ਜੋਤੀ ਫਾਊਂਡੇਸ਼ਨ ਲੋਕਾਂ ਲਈ ਮਸੀਹਾ ਬਣ ਕੇ ਉੱਭਰੀ ਹੈ।