12ਵੀਂ ਸ਼ਰੇਣੀ ਦੇ 40% ਪ੍ਰਯੋਗੀ ਅੰਕ ਵਧਾਉਣ ਅਤੇ ਜੌਗਰਫ਼ੀ ਦੀਆਂ ਪੋਸਟਾਂ ਦੀ ਮੰਗ
ਫ਼ਰੀਦਕੋਟ, 13 ਦਸੰਬਰ: ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਜੌਗਰਫ਼ੀ ਦੀਆਂ 357 ਪੋਸਟਾਂ ਨੂੰ ਬਰਕਰਾਰ ਰੱਖਣ, ਐਮੀਨੈਂਸ ਸਕੂਲਾਂ ਵਿੱਚ ਲੈਕਚਰਾਰ ਜੌਗਰਫ਼ੀ ਦੀਆਂ ਪੋਸਟਾਂ, ਮਾਸਟਰ ਕਾਡਰ ਦੀਆਂ ਬਤੌਰ ਜੌਗਰਫ਼ੀ ਲੈਕਚਰਾਰ ਤਰੱਕੀਆਂ ਕਰਨ ਅਤੇ 12ਵੀਂ ਸ਼ਰੇਣੀ ਦੇ ਜੌਗਰਫ਼ੀ ਵਿਸ਼ੇ ਦੇ 40% ਪ੍ਰਯੋਗੀ ਅੰਕਾਂ ਨੂੰ ਬਰਕਰਾਰ ਰੱਖਣ ਸੰਬੰਧੀ ਆਦਿ ਮੰਗਾਂ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ ਜੱਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਅਤੇ ਕਾਨੂੰਨੀ ਸਲਾਹਕਾਰ ਹਰਜੋਤ ਸਿੰਘ ਬਰਾੜ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਅਤਿਮ ਨੂੰ ਮਿਲਿਆ।
ਮੁੱਖ ਮੰਤਰੀ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਅਚਨਚੇਤੀ ਦੌਰਾ
ਇਸ ਮੌਕੇ ਜਥੇਬੰਦੀ ਦੇ ਆਗੂੁਆਂ ਨੇ ਦਸਿਆ ਕਿ ਮੌਜ਼ੂਦਾ ਸਮੇਂ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜੌਗਰਫ਼ੀ ਲੈਕਚਰਾਰਾਂ ਦੀਆਂ ਕੇਵਲ 220 ਆਸਾਮੀਆਂ ਹਨ ਜਦੋਂਕਿ ਪੰਜਾਬ ਵਿੱਚ ਕੁੱਲ 2026 ਸੀਨੀਅਰ ਸੈਕੰਡਰੀ ਸਕੂਲ ਹਨ, ਬਾਕੀ 1800 ਸਕੂਲਾਂ ਦੇ ਵਿਦਿਆਰਥੀ ਇਸ ਵਿਸ਼ੇ ਦੇ ਗਿਆਨ ਤੋਂ ਵਾਂਝੇ ਹਨ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੌਗਰਫ਼ੀ ਵਿਸ਼ੇ ਦੇ 12ਵੀਂ ਸ਼ਰੇਣੀ ਦੇ 40% ਪ੍ਰਯੋਗੀ ਅੰਕ ਘਟਾ ਦਿੱਤੇ ਗਏ ਹਨ। ਕੁਮਾਰ ਅਮਿਤ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਮੰਗਾਂ ਸੰਬੰਧੀ ਪੱਤਰ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਨੂੰ ਭੇਜਣ ਦਾ ਯਕੀਨ ਦਿਵਾਇਆ।